ਦਾਨੀ ਸੱਜਣਾਂ ਨੂੰ ਮਦਦ ਕਰਨ ਦੀ ਅਪੀਲ
ਸੁਲਤਾਨਪੁਰ ਲੋਧੀ: ਬਾਊਪੁਰ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਚੱਲ ਰਹੀ ਸੇਵਾ ਦਾ ਜਾਇਜ਼ਾ ਲੈਂਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਸ ਖਿੱਤੇ ਦੇ ਕਿਸਾਨਾਂ ਨੂੰ ਕਣਕ ਬੀਜਣ ਲਈ ਖਾਦ, ਬੀਜ ਅਤੇ ਡੀਜ਼ਲ ਦੀ ਅੱਜ ਵੀ ਸਖ਼ਤ ਲੋੜ ਹੈ। ਉਨ੍ਹਾਂ ਅੱਜ ਸਵੇਰੇ ਬਾਊਪੁਰ ਮੰਡ ਦੇ ਉਸ ਇਲਾਕੇ ਦਾ ਦੌਰਾ ਕੀਤਾ ਜਿੱਥੇ ਹੜ੍ਹ ਆਉਣ ਤੋਂ ਬਾਅਦ ਆਰਜ਼ੀ ਬੰਨ੍ਹ ਨੂੰ ਉੱਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਸ ਇਲਾਕੇ ਵਿੱਚ ਚਾਰ ਮਹੀਨੇ ਪਹਿਲਾਂ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਭੈਣੀ ਕਾਦਰ ਬਖ਼ਸ਼ ਪਿੰਡ ਨੇੜਿਓਂ 10 ਤੇ 11 ਅਗਸਤ ਦੀ ਦਰਮਿਆਨੀ ਰਾਤ ਨੂੰ ਬੰਨ੍ਹ ਟੁੱਟ ਗਿਆ ਸੀ। ਇਸ ਹੜ੍ਹ ਨਾਲ ਇਸ ਮੰਡ ਇਲਾਕੇ ਦੀ 3500 ਏਕੜ ਫਸਲ ਤਬਾਹ ਹੋ ਗਈ ਸੀ। ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਰੇਤਾ ਚੜ੍ਹ ਗਈ ਸੀ।
ਖੇਤ ਪੱਧਰ ਕਰਨ ਵਿੱਚ ਲੱਗੇ ਕਿਸਾਨਾਂ ਦੀ ਮੱਦਦ ਵਾਸਤੇ ਗਏ ਸੰਤ ਸੀਚੇਵਾਲ ਆਪ ਵੀ ਘੰਟਿਆਂ ਬੱਧੀ ਟ੍ਰੈਕਟਰ ਚਲਾਉਂਦੇ ਰਹਿੰਦੇ ਹਨ। ਪੰਜਾਬ ਤੋਂ ਇਲਾਵਾ ਹੜ੍ਹ ਪੀੜਤ ਕਿਸਾਨਾਂ ਦੀ ਮੱਦਦ ਵਾਸਤੇ ਹਰਿਆਣਾ, ਰਾਜਥਾਨ ਅਤੇ ਉੱਤਰ ਪ੍ਰਦੇਸ਼ ਤੋਂ ਵੀ ਕਿਸਾਨਾਂ ਨੇ ਜਿੱਥੇ ਆਰਥਿਕ ਮੱਦਦ ਭੇਜੀ ਸੀ। ਉਥੇ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿੱਚ ਕਿਸਾਨ ਟ੍ਰੈਕਟਰ ਟਰਾਲੀਆਂ ਲੈ ਕੇ ਵੀ ਆਏ ਸਨ।
ਕਈ ਕਿਸਾਨਾਂ ਦੇ ਖੇਤਾਂ ਵਿੱਚ ਤਾਂ ਦਰਿਆ ਨੇ ਬੜੇ ਡੂੰਘੇ ਟੋਏ ਪਾ ਦਿੱਤੇ ਸਨ। ਹੜ੍ਹ ਆਉਣ ਦੇ ਸਵਾ ਮਹੀਨੇ ਬਾਅਦ ਕਿਸਾਨਾਂ ਦੇ ਖੇਤ ਪੱਧਰ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਕਿਸਾਨਾਂ ਦੇ ਖੇਤਾਂ ਵਿੱਚ ਚੁੱਕੀ ਗਈ ਰੇਤਾ ਨਾਲ ਆਰਜ਼ੀ ਬੰਨ੍ਹ ਨੂੰ ਉੱਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਵੀ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਖਾਦ, ਬੀਜ ਤੇ ਡੀਜ਼ਲ ਦਾ ਪ੍ਰਬੰਧ ਕਰਨ ਵਿੱਚ ਮਦਦ ਕਰਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਫਸਲ ਲਈ ਉਨ੍ਹਾਂ ਦੀ ਮੱਦਦ ਕਰ ਦਿੱਤੀ ਜਾਵੇ ਤਾਂ ਉਹ ਪੈਰਾਂ ਸਿਰ ਖੜ੍ਹੇ ਹੋ ਸਕਦੇ ਹਨ।
