
ਕਿਸਾਨਾਂ ਦਾ ਸਾਥ ਦੇਣ ਦੇ ਕਾਰਣ ਕੇਜਰੀਵਾਲ ਤੋਂ ਨਾਰਾਜ਼ ਮੋਦੀ ਸਰਕਾਰ
ਚੰਡੀਗੜ੍ਹ - ਪਿਛਲੇ ਦੋ ਦਿਨ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਨੇ ਆਪਣੇ ਘਰ ’ਚ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ। ਨਾ ਕਿਸੇ ਨੂੰ ਉਨ੍ਹਾਂ ਦੇ ਘਰ ਦੇ ਅੰਦਰ ਆਉਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੇਜਰੀਵਾਲ ਨੂੰ ਘਰ ਦੇ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਿੰਘੂ ਬਾਰਡਰ ਉਤੇ ਧਰਨੇ ਉਤੇ ਬੈਠੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਦਾ ਜਾਇਜ਼ਾ ਲੈਣ ਗਏ ਸਨ।
Arvind Kejriwal
ਜਿਵੇਂ ਹੀ ਉਹ ਘਰ ਵਿਚ ਵਾਪਸ ਆਏ ਤਾਂ ਉਦੋਂ ਤੋਂ ਉਨ੍ਹਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਨੇ ਇਹ ਇਸ ਲਈ ਕੀਤਾ ਤਾਂ ਕਿ ਮੁੱਖ ਮੰਤਰੀ ਕੇਜਰੀਵਾਲ ਆਪਣੇ ਘਰ ਤੋਂ ਬਾਹਰ ਨਿਕਲਕੇ ਕਿਸਾਨਾਂ ਦਾ ਸਮਰਥਨ ਕਰਨ ਲਈ ਭਾਰਤ ਬੰਦ ਵਿਚ ਕਿਤੇ ਜਾ ਨਾ ਸਕੇ।
Narinder modi
ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਤੋਂ ਦਿੱਲੀ ਆ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ 9 ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਦੀ ਇਜ਼ਾਜਤ ਮੰਗੀ ਸੀ। ਕੇਜਰੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਜੇਲ੍ਹ ਬਣਾਉਣ ਲਈ ਉਨ੍ਹਾਂ ਉਪਰ ਚਾਰੇ ਪਾਸੋ ਤੋਂ ਬਹੁਤ ਦਬਾਅ ਆਇਆ ਅਤੇ ਉਨ੍ਹਾਂ ਨੂੰ ਕਈ ਥਾਵਾਂ ਤੋਂ ਫੋਨ ਆਏ। ਕੇਜਰੀਵਾਲ ਕਿਸਾਨਾਂ ਨਾਲ ਖੜ੍ਹਦੇ ਹੋਏ ਅਤੇ ਕੇਂਦਰ ਸਰਕਾਰ ਨੂੰ ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਦੀ ਆਗਿਆ ਨਹੀਂ ਦਿੱਤੀ। ਇਸ ਕਾਰਨ ਕੇਂਦਰ ਸਰਕਾਰ ਉਦੋਂ ਤੋਂ ਉਨ੍ਹਾਂ ਨਾਲ ਬਹੁਤ ਨਰਾਜ਼ ਹੈ।
Arvind Kejriwal
ਅੱਜ ਉਸੇ ਕੇਂਦਰ ਸਰਕਾਰ ਨੇ ਕੇਜਰੀਵਾਲ ਨੂੰ ਆਪਣੇ ਹੀ ਘਰ ਵਿਚ ਕੈਦ ਕਰ ਲਿਆ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਕਿਸਾਨਾਂ ਦੇ ਪੱਖ ਵਿਚ ਖੜ੍ਹੇ ਹਨ, ਕੇਜਰੀਵਾਲ ਨੇ ਸਾਰੇ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਵਾਲੰਟੀਅਰਾਂ ਨੂੰ ਕਿਸਾਨਾਂ ਦੀ ਸੇਵਾ ਵਿਚ ਸੇਵਾਦਾਰ ਵਜੋਂ ਲਗਾ ਰੱਖਿਆ ਹੈ। ਕੇਜਰੀਵਾਲ ਖੁਦ ਵੀ ਸੇਵਾਦਾਰ ਬਣਕੇ ਸੋਮਵਾਰ ਨੂੰ ਕਿਸਾਨਾਂ ਦੀਆਂ ਸਹੂਲਤਾਂ ਦਾ ਜਾਇਜਾ ਲੈਣ ਗਏ ਸਨ। ਇਸ ਕਾਰਨ ਕੇਂਦਰ ਸਰਕਾਰ ਉਨ੍ਹਾਂ ਤੋਂ ਬਹੁਤ ਨਰਾਜ਼ ਹੈ। ਕੇਂਦਰ ਸਰਕਾਰ ਨੇ ਬਦਲਾ ਲੈਣ ਲਈ ਵੀ ਕੇਜਰੀਵਾਲ ਨੂੰ ਨਜ਼ਰਬੰਦ ਕੀਤਾ ਹੈ।
Manish Sisodia
ਅੱਜ ਪੂਰਾ ਦਿਨ ਦਿੱਲੀ ਪੁਲਿਸ ਅਤੇ ਭਾਰਤੀ ਜਨਤਾ ਪਾਰਟੀ ਬਿਆਨ ਦਿੰਦੀ ਰਹੀ ਕਿ ਕੇਜਰੀਵਾਲ ਨਜ਼ਰਬੰਦ ਨਹੀਂ ਹੈ। ਇਕ ਪਾਸੇ ਦਿੱਲੀ ਪੁਲਿਸ ਬਿਆਨ ਦੇ ਰਹੀ ਸੀ ਕਿ ਕੇਜਰੀਵਾਲ ਨਜ਼ਰਬੰਦ ਨਹੀਂ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਕਈ ਵਿਧਾਇਕ, ਮੰਤਰੀ ਅਤੇ ਇਥੋਂ ਤੱਕ ਕਿ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਸ ਨੂੰ ਉਨ੍ਹਾਂ ਦੇ ਘਰ ਤੋਂ 100 ਮੀਟਰ ਦੂਰ ਬੈਰੀਕੇਡ ਉਤੇ ਰੋਕ ਲਿਆ ਗਿਆ ਅਤੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਇਸ ਤੋਂ ਦਿੱਲੀ ਪੁਲਿਸ ਅਤੇ ਭਾਜਪਾ ਦਾ ਬਿਆਨ ਸਾਫ ਝੂਠਾ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੂੰ ਨਜ਼ਰਬੰਦ ਨਹੀਂ ਕੀਤਾ ਗਿਆ।
Amit Shah
ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਲੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਬੀ ਆਵਾਜ਼ ਵਿਚ ਕਿਹਾ ਕਿ ਸਿੱਧੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਦੇਸ਼ ਹੈ ਕਿ ਜਦੋਂ ਤੱਕ ਭਾਰਤ ਬੰਦ ਖਤਮ ਨਹੀਂ ਹੁੰਦਾ ਉਦੋਂ ਤੱਕ ਕੇਜਰੀਵਾਲ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ, ਇਸ ਵਿਚ ਪੁਲਿਸ ਬੇਵੱਸ ਹੈ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਕ ਪਾਸੇ ਕੇਜਰੀਵਾਲ ਨੂੰ ਕਿਸਾਨਾਂ ਦੇ ਸਮਰਥਨ ਵਿਚ ਖੜ੍ਹੇ ਹੋਣ ਲਈ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਖੁੱਲ੍ਹੇਆਮ ਭਾਜਪਾ ਦੇ ਮੁੱਖ ਮੰਤਰੀਆਂ ਦੀ ਭਾਸ਼ਾ ਬੋਲ ਰਹੇ ਹਨ।
Yogi Adityanath
ਭਾਜਪਾ ਦੇ ਤਿੰਨ ਮੁੱਖ ਮੰਤਰੀਆਂ, ਯੋਗੀ ਅੱਦਿਤਿਆਨਾਥ, ਸ਼ਿਵਰਾਜ ਸਿੰਘ ਚੌਹਾਨ, ਤ੍ਰਿਵੇਂਦ ਸਿੰਘ ਰਾਵਤ ਅਤੇ ਕਈ ਕੇਂਦਰ ਮੰਤਰੀ ਜਿਵੇਂ ਕਿ ਪ੍ਰਕਾਸ਼ ਜਾਵਡੇਕਰ, ਸਮ੍ਰਿਤੀ ਇਰਾਨੀ ਅਤੇ ਹੋਰ ਮੰਤਰੀ ਕੇਜਰੀਵਾਲ ਉਪਰ ਕੁਝ ਦਿਨਾਂ ਤੋਂ ਉਲਟੇ ਪੁਲਟੇ ਬਿਆਨ ਜਾਰੀ ਕਰ ਰਹੇ ਹਨ। ਉਸੇ ਤਰ੍ਹਾਂ ਦੀ ਬਿਆਨਬਾਜ਼ੀ ਇੱਧਰ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ। ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਕੈਪਟਨ ਅਮਰਿੰਦਰ ਭਾਜਪਾ ਦੇ ਆਗੂਆਂ ਦੀ ਭਾਸ਼ਾ ਬੋਲ ਰਹੇ ਹਨ। ਕੈਪਟਨ ਅਮਰਿੰਦਰ ਨੇ ਮੋਦੀ ਖਿਲਾਫ ਇਕ ਵੀ ਸ਼ਬਦ ਨਹੀਂ ਬੋਲਿਆ।
ਪ੍ਰੰਤੂ ਉਹ ਰੋਜ਼ ਕੇਜਰੀਵਾਲ ਖਿਲਾਫ ਬੋਲਦੇ ਹਨ ਜਿਵੇਂ ਕਿ ਇਸਦਾ ਸਾਰਾ ਦੋਸ਼ ਕੇਜਰੀਵਾਲ ਦਾ ਹੋਵੇ। ਆਮ ਆਦਮੀ ਪਾਰਟੀ ਨੇ ਕਿਹਾ ਕਿ ਇਸ ਪਾਸੇ ਭਾਰਤੀ ਜਨਤਾ ਪਾਰਟੀ ਕੇਜਰੀਵਾਲ ਨੂੰ ਨਜ਼ਰਬੰਦ ਕਰਦੀ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਵੱਲ ਭਾਰਤੀ ਜਨਤਾ ਪਾਰਟੀ ਨਰਮ ਹੈ। ਇਸ ਤੋਂ ਇਹ ਸਾਫ ਹੈ ਕਿ ਕਿਸਾਨਾਂ ਦੇ ਹਿਤੈਸ਼ੀ ਕੌਣ ਹਨ ਅਤੇ ਕੌਣ ਕਿਸਾਨਾਂ ਖਿਲਾਫ ਕੰਮ ਕਰ ਰਹੇ ਹਨ।