
ਪੰਜਾਬ ਦੇ 3 ਹਜ਼ਾਰ ਭੱਠਾ ਮਾਲਕ ਤੇ 7 ਲੱਖ ਮਜ਼ਦੂਰ ਉਤਰੇ ਕਿਸਾਨਾਂ ਦੀ ਹਮਾਇਤ ਵਿਚ
ਚੰਡੀਗੜ੍ਹ, 7 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਇੱਟ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਮੋਹੀ ਨੇ ਅੱਜ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਹੈ ਕਿ ਭੱਠਾ ਉਦਯੋਗ ਨਾਲ ਜੁੜੇ ਪੰਜਾਬ ਭਰ ਦੇ 3000 ਭੱਠਾ ਮਾਲਕ ਅਤੇ 7 ਲੱਖ ਦੇ ਕਰੀਬ ਮਜ਼ਦੂਰ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਰੋਸ ਪ੍ਰਗਟ ਕਰਦਿਆਂ ਅਪਣੇ ਭੱਠੇ ਪੂਰੀ ਤਰ੍ਹਾਂ ਬੰਦ ਰਖਣਗੇ।
ਪ੍ਰਧਾਨ ਮੋਹੀ ਨੇ ਕਿਹਾ ਕਿ ਕਿਸਾਨ ਦਾ ਕੋਈ ਧਰਮ ਜਾਂ ਜਾਤ ਨਹੀਂ ਹੁੰਦੀ, ਉਹ ਬਿਨਾਂ ਧੁੱਪ-ਛਾਂ ਅਤੇ ਬਰਸਾਤ ਦੀ ਪ੍ਰਵਾਹ ਕੀਤੇ ਗਰਮੀ, ਸਰਦੀ ਦੇ ਸੀਜ਼ਨ ਵਿਚ ਵੀ ਧਰਤੀ ਦਾ ਸੀਨਾ ਚੀਰਦੇ ਹੋਏ ਅਨਾਜ ਪੈਦਾ ਕਰਦਾ ਹੈ ਤਾਂ ਕਿ ਹਰ ਵਿਅਕਤੀ ਅਪਣੇ ਪਰਵਾਰ ਨੂੰ ਢਿੱਡ ਭਰ ਕੇ ਖਾਣਾ ਖੁਆ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਹਰ ਵਿਅਕਤੀ ਦਾ ਇਹ ਮੁੱਢਲਾ ਧਰਮ ਅਤੇ ਫ਼ਰਜ਼ ਬਣਦਾ ਹੈ ਕਿ ਉਹ ਅੰਨਦਾਤਾ ਦੇ ਹੱਕਾਂ ਦੀ ਰਾਖੀ ਲਈ ਕਦਮ ਵਧਾਵੇ ਤਾਕਿ ਕੇਂਦਰ ਸਰਕਾਰ ਬਿਨਾਂ ਕਿਸੇ ਸ਼ਰਤ ਦੇ ਕਿਸਾਨਾਂ ਵਿਰੁਧ ਬਣਾਏ ਕਾਲੇ ਕਾਨੂੰਨ ਨੂੰ ਰੱਦ ਕਰਨ ਲਈ ਮਜਬੂਰ ਹੋ ਜਾਵੇ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹੀ ਨਹੀਂ ਸਗੋਂ ਦੇਸ਼ ਵਾਸੀਆਂ ਦੇ ਮਾਣ-ਸਨਮਾਨ ਅਤੇ ਸਵੈ-ਮਾਣ ਦੀ ਲੜਾਈ ਹੈ।
ਮੋਹੀ ਨੇ ਕੇਂਦਰ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬੀਆਂ ਨੇ 19 ਵਾਰ ਦਿੱਲੀ 'ਤੇ ਫ਼ਤਿਹ ਪ੍ਰਾਪਤ ਕੀਤੀ ਹੈ। ਇਸ ਲਈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰਤ ਕਿਸਾਨ ਵਿਰੋਧੀ ਬਣਾਏ ਗਏ ਕਾਲੇ ਕਾਨੂੰਨ ਬਿੱਲ ਵਾਪਸ ਲਵੇ। ਮੋਹੀ ਨੇ ਇਥੇ ਇਹ ਵੀ ਸਾਫ਼ ਕੀਤਾ ਕਿ ਭੱਠਾ ਮਾਲਕ ਐਸੋਸੀਏਸ਼ਨ ਦਾ ਹਰ ਮੈਂਬਰ ਬਿਨਾਂ ਕਿਸੇ ਸਵਾਰਥ ਦੇ ਕਿਸਾਨ ਭਾਈਚਾਰੇ ਦੀ ਸੇਵਾ ਵਿਚ ਹਾਜ਼ਰ ਰਹੇਗਾ।
image