
ਇਸ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਸਮਰਥਨ ਦਿੱਤਾ ਗਿਆ ਅਤੇ ਆਸ ਪਾਸ ਦੇ ਬਜ਼ਾਰ ਅਤੇ ਪਟਰੋਲ ਪੰਪ ਵੀ ਬੰਦ ਰਹੇ ।
ਚੰਡੀਗੜ੍ਹ - ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋ ਦਿੱਤੇ ਗਏ ਬੰਦ ਦੇ ਸੱਦੇ ਨੂੰ ਦੇਸ਼ਭਰ ਵਿਚ ਭਰਵਾ ਹੁੰਗਾਰਾ ਮਿਲਿਆ ਹੈ। ਇਸ ਦੇ ਚਲਦੇ ਵੱਖ ਵੱਖ ਸੂਬਿਆਂ ਵਿੱਚ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ। ਅੱਜ ਦੇ ਬੰਦ ਮਗਰੋਂ ਮੋਦੀ ਸਰਕਾਰ ਕੱਲ੍ਹ ਹੋਣ ਜਾ ਰਹੀ ਮੀਟਿੰਗ ਵਿੱਚ ਕਿਸਾਨਾਂ ਨੂੰ ਵੱਡੀ ਪੇਸ਼ਕਸ਼ ਦੇ ਸਕਦੀ ਹੈ। ਸਰਕਾਰੀ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਕੱਲ੍ਹ ਮਾਮਲੇ ਦਾ ਹੱਲ ਕੱਢ ਲਿਆ ਜਾਏਗਾ। ਬੰਦ ਦੇ ਸੱਦੇ ਦੌਰਾਨ ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਅਤੇ ਹੋਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਅੰਮ੍ਰਿਤਸਰ 'ਚ ਕਿਸਾਨ ਅਤੇ ਹੋਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ,ਬਾਲਮੀਕ ਭਾਈਚਾਰਾ ਅਤੇ ਹੋਰ ਜਥੇਬੰਦੀਆਂ ਵੱਲੋ ਸੁਨਹਿਰੀ ਗੇਟ ਨਿਊ ਅੰਮ੍ਰਿਤਸਰ ਵਿਖੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆ ਨਾਅਰੇਬਾਜ਼ੀ ਕੀਤੀ।
ਫ਼ਰੀਦਕੋਟ-ਬਠਿੰਡਾ ਰੋਡ 'ਤੇ ਧਰਨਾ ਤੇ ਨਾਅਰੇਬਾਜ਼ੀ
ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਬੰਦ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜ਼ਿਲਾ ਫ਼ਰੀਦਕੋਟ ਦੀ ਅਗਵਾਈ 'ਚ ਕਿਸਾਨਾਂ ਤੇ ਔਰਤਾਂ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦੇ ਬੱਸ ਸਟੈਂਡ 'ਤੇ ਧਰਨਾ ਲਗਾ ਕੇ ਫ਼ਰੀਦਕੋਟ- ਬਠਿੰਡਾ ਰੋਡ 'ਤੇ ਜਾਮ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਨਾਅਰੇਬਾਜ਼ੀ ਕੀਤੀ ਗਈ ।
ਕਪੂਰਥਲਾ ਸੁਲਤਾਨਪੁਰ ਲੋਧੀ 'ਚ ਕਾਨੂੰਨਾਂ ਵਿਰੁੱਧ ਸਖ਼ਤ ਨਾਅਰੇਬਾਜ਼ੀ
ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ. ਰੋਡ 'ਤੇ ਆਰ.ਸੀ.ਐਫ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਰੋਸ ਧਰਨਾ ਦਿੱਤਾ ਗਿਆ। ਜਦਕਿ ਖੈੜਾ ਦੋਨਾਂ ਵਿਖੇ ਵੀ ਰੋਸ ਵਿਖਾਵਾ ਕੀਤਾ ਗਿਆ ਅਤੇ ਇਸ ਇਲਾਕੇ ਵਿਚ ਬੰਦ ਨੂੰ ਪੂਰਨ ਤੌਰ 'ਤੇ ਹੁੰਗਾਰਾ ਮਿਲਿਆ।
ਖਡੂਰ ਸਾਹਿਬ 'ਚ ਰੋਸ ਪ੍ਰਦਰਸ਼ਨ
ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਖਡੂਰ ਸਾਹਿਬ ਦੇ ਮੇਨ ਬਾਜ਼ਾਰ ਵਿਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਦਾ ਪੁਤਲਾ ਫੂਕਿਆ। ਇਸ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਸਮਰਥਨ ਦਿੱਤਾ ਗਿਆ ਅਤੇ ਆਸ ਪਾਸ ਦੇ ਬਜ਼ਾਰ ਅਤੇ ਪਟਰੋਲ ਪੰਪ ਵੀ ਬੰਦ ਰਹੇ ।
ਦੋਰਾਹਾ ਇਲਾਕੇ 'ਚ ਰੋਸ ਮਾਰਚ
ਦੋਰਾਹਾ ਵਿਖੇ ਸ਼ੇਰ ਸ਼ਾਹ ਸੂਰੀ ਮੁੱਖ ਮਾਰਗ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਮ ਲਗਾਇਆ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।