
ਕਾਰਪੋਰੇਟਰਾਂ ਸਹਾਰੇ ਨਾ ਤਾਂ ਭੋਜਨ ਸੁਰੱਖਿਆ ਛੱਡੀ ਜਾ ਸਕਦੀ ਹੈ ਤੇ ਨਾ ਹੀ ਰਾਸ਼ਟਰੀ ਸੁਰੱਖਿਆ : ਜਾਖੜ
ਚੰਡੀਗੜ੍ਹ, 7 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਯਾਦ ਕਰਵਾਇਆ ਹੈ ਕਿ ਨਾ ਤਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦਾ ਕੰਮ ਕਿਸੇ ਕਾਰਪੋਰੇਟ ਨੂੰ ਦਿਤਾ ਜਾ ਸਕਦਾ ਹੈ ਅਤੇ ਨਾ ਹੀ 135 ਕਰੋੜ Îਭਾਰਤੀਆਂ ਦੀ ਭੋਜਨ ਸੁਰੱਖਿਆ ਦਾ ਜਿੰਮਾ ਵੱਡੀਆਂ ਕੰਪਨੀਆਂ ਨੂੰ ਸੌਂਪਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਸਲ ਵਿਚ ਦੇਸ਼ ਦੀ ਭੋਜਨ ਸੁਰੱਖਿਆ ਨਾਲ ਜੁੜੀ ਹੋਈ ਹੈ।
ਇਸੇ ਲਈ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਦਿਤੇ ਗਏ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਾਖੜ ਨੇ ਕਿਹਾ ਇਸ ਤੋਂ ਬਿਨਾਂ 8 ਦਸੰਬਰ ਨੂੰ ਪਾਰਟੀ ਵਲੋਂ ਜ਼ਿਲ੍ਹਾ ਪੱਧਰ ਤੇ ਕੇਂਦਰ ਸਰਕਾਰ ਵਿਰੁਧ ਰੋਸ਼ ਮੁਜ਼ਾਹਰੇ ਵੀ ਕੀਤੇ ਜਾਣਗੇ। ਜਾਖੜ ਨੇ ਕਿਹਾ ਕਿ ਅੱਜ ਸਾਡਾ ਕਿਸਾਨ ਦੇਸ਼ ਦੀ ਭੋਜਨ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਵਾਲੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਦਰਵਾਜ਼ੇ 'ਤੇ ਬੈਠਾ ਹੈ ਜਦਕਿ ਉਸ ਦੇ ਬੇਟੇ ਦੇਸ਼ ਦੀਆਂ ਕੌਮੀ ਸਰਹੱਦਾਂ ਦੀ ਰਾਖੀ ਲਈ ਬਾਰਡਰਾਂ 'ਤੇ ਪਹਿਰਾ ਦੇ ਰਹੇ ਹਨ। ਜਾਖੜ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿਤ ਪੂਰਨ ਲਈ ਲੌਬਿੰਗ ਕਰਨ ਵਰਗੇ ਅਨੈਤਿਕ ਕਾਰਜ ਵਿਚ ਲਿਪਤ ਹੋਈ ਪਈ ਹੈ ਜਦਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਬਿਨਾਂ ਦੇਰੀ ਕਿਸਾਨਾਂ ਦੀ ਗੱਲ ਮੰਨ ਕੇ ਕਾਲੇ ਕਾਨੂੰਨ ਰੱਦ ਕਰੇ। ਉਨ੍ਹਾਂ ਕਿਹਾ ਕਿ ਖੇਤੀ ਦਾ ਵਪਾਰੀਕਰਨ ਸਹਿਣ ਨਹੀਂ ਕੀਤਾ ਜਾ ਸਕਦਾ ਹੈ।
image