
ਰਾਹੁਲ ਗਾਂਧੀ ਨੇ ਸੰਸਦ 'ਚ ਸਰਕਾਰ ਨੂੰ ਦਿਤੀ ਸ਼ਹੀਦ ਕਿਸਾਨਾਂ ਦੀ ਸੂਚੀ, ਕੀਤੀ ਨੌਕਰੀ ਤੇ ਮੁਆਵਜ਼ੇ ਦੀ ਮੰਗ
ਨਵੀਂ ਦਿੱਲੀ, 7 ਦਸੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪ੍ਰਵਾਰਾਂ ਲਈ ਮੁਆਵਜ਼ੇ ਦੀ ਮੰਗ ਲੋਕ ਸਭਾ 'ਚ ਚੁੱਕੀ ਅਤੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਕਿਸਾਨ ਪ੍ਰਵਾਰਾਂ ਨੂੰ ਉਨ੍ਹਾਂ ਦਾ ਅਧਿਕਾਰ ਦੇਣਾ ਚਾਹੀਦਾ ਹੈ | ਰਾਹੁਲ ਨੇ ਸਦਨ 'ਚ ਸਿਫ਼ਰ ਕਾਲ ਦੌਰਾਨ ਇਸ ਵਿਸ਼ੇ ਨੂੰ ਚੁਕਿਆ ਅਤੇ ਲੋਕ ਸਭਾ ਦੇ ਮੇਜ਼ 'ਤੇ ਕਰੀਬ 500 ਕਿਸਾਨਾਂ ਦੀ ਇਕ ਸੂਚੀ ਵੀ ਰੱਖੀ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਨੇ ਕਿਸਾਨ ਅੰਦੋਲਨ ਦੌਰਾਨ ਅਪਣੀ ਜਾਨ ਗੁਆਈ |
ਉਨ੍ਹਾਂ ਕਿਹਾ,''ਪੂਰਾ ਦੇਸ਼ ਜਾਣਦਾ ਹੈ ਕਿ ਕਿਸਾਨ ਅੰਦੋਲਨ 'ਚ ਕਰੀਬ 700 ਕਿਸਾਨ ਸ਼ਹੀਦ ਹੋਏ | ਪ੍ਰਧਾਨ ਮੰਤਰੀ ਜੀ ਨੇ ਦੇਸ਼ ਅਤੇ ਕਿਸਾਨਾਂ ਤੋਂ ਮੁਆਫ਼ੀ ਮੰਗੀ | ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਗ਼ਲਤੀ ਕੀਤੀ ਹੈ | 30 ਨਵੰਬਰ ਨੂੰ ਖੇਤੀਬਾੜੀ ਮੰਤਰੀ ਤੋਂ ਸਵਾਲ (ਲੋਕ ਸਭਾ 'ਚ ਲਿਖਤੀ ਪ੍ਰਸ਼ਨ) ਪੁਛਿਆ ਗਿਆ ਸੀ
ਕਿ ਕਿੰਨੇ ਕਿਸਾਨਾਂ ਦੀ ਮੌਤ ਹੋਈ | ਉਨ੍ਹਾਂ ਨੇ ਜਵਾਬ ਦਿਤਾ ਕਿ ਉਨ੍ਹਾਂ ਕੋਲ ਕੋਈ ਡਾਟਾ ਨਹੀਂ ਹੈ |''
ਕਾਂਗਰਸ ਨੇਤਾ ਨੇ ਕਿਹਾ,''ਅਸੀਂ ਇਨ੍ਹਾਂ ਕਿਸਾਨਾਂ ਬਾਰੇ ਪਤਾ ਲਗਾਇਆ | ਪੰਜਾਬ ਸਰਕਾਰ ਨੇ ਰਾਜ ਦੇ ਕਰੀਬ 400 ਕਿਸਾਨਾਂ ਨੂੰ ਮੁਆਵਜ਼ਾ ਦਿਤਾ ਹੈ ਅਤੇ ਕਰੀਬ 152 ਲੋਕਾਂ ਨੂੰ ਰੁਜ਼ਗਾਰ ਦਿਤਾ ਹੈ | ਮੈਂ ਇਨ੍ਹਾਂ ਕਿਸਾਨਾਂ ਦੀ ਸੂਚੀ ਅਤੇ ਪ੍ਰਦਰਸ਼ਨ ਦੌਰਾਨ ਜਾਨ ਗੁਆਉਣ ਵਾਲੇ ਹਰਿਆਣਾ ਦੇ ਕੁੱਝ ਕਿਸਾਨਾਂ ਦੀ ਇਕ ਸੂਚੀ ਸਦਨ ਦੇ ਮੇਜ਼ 'ਤੇ ਰੱਖ ਰਿਹਾ ਹਾਂ |'' ਰਾਹੁਲ ਨੇ ਕਿਹਾ,''ਇਹ ਨਾਮ ਇਥੇ ਹੈ | ਮੈਂ ਚਾਹੁੰਦਾ ਹਾਂ ਕਿ ਇਨ੍ਹਾਂ ਕਿਸਾਨਾਂ ਨੂੰ ਹੱਕ ਮਿਲਣਾ ਚਾਹੀਦਾ | ਉਨ੍ਹਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ |''
ਬਾਅਦ ਵਿਚ ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਅੰਦੋਲਨਕਾਰੀ ਸ਼ਹੀਦ ਕਿਸਾਨਾਂ ਦੇ ਨਾਮ 'ਤੇ ਮੁਆਵਜ਼ਾ ਨਾ ਦੇਣਾ, ਨੌਕਰੀ ਨਾ ਦੇਣਾ ਅਤੇ ਅੰਨਦਾਤਾਵਾਂ ਵਿਰੁਧ ਪੁਲਿਸ ਕੇਸ ਵਾਪਸ ਨਾ ਲੈਣਾ ਬਹੁਤ ਵੱਡੀਆਂ ਗ਼ਲਤੀਆਂ ਹੋਣਗੀਆਂ | ਆਿਖ਼ਰਕਾਰ ਪ੍ਰਧਾਨ ਮੰਤਰੀ ਕਿੰਨੀ ਵਾਰ ਮਾਫ਼ੀ ਮੰਗਣਗੇ?'' ਦੱਸਣਯੋਗ ਹੈ ਕਿ ਸਰਕਾਰ ਨੇ 30 ਨਵੰਬਰ ਨੂੰ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਨੇੜੇ-ਤੇੜੇ ਖੇਤੀਬਾੜੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਦੌਰਾਨ ਮਿ੍ਤਕ ਕਿਸਾਨਾਂ ਦੀ ਗਿਣਤੀ ਸੰਬੰਧੀ ਅੰਕੜਾ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ ਕੋਲ ਨਹੀਂ ਹੈ | ਲੋਕ ਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਹ ਜਾਣਕਾਰੀ ਦਿਤੀ | ਰਾਜੀਵ ਰੰਜਨ ਸਿੰਘ, ਟੀ.ਆਰ. ਪ੍ਰਤਾਪਨ, ਐੱਨ.ਕੇ. ਪ੍ਰੇਮਚੰਦਰਨ, ਏ.ਐੱਮ. ਆਰਿਫ਼, ਡੀਨ ਕੁਰੀਆਕੋਸ, ਪ੍ਰੋ. ਸੌਗਤ ਰਾਏ ਅਤੇ ਅਬਦੁੱਲ ਖਾਲੀਕ ਨੇ ਪੁਛਿਆ ਸੀ ਕਿ ਤਿੰਨ ਖੇਤੀ ਕਾਨੂੰਨ ਵਿਰੁੱਧ ਰਾਸ਼ਟਰੀ ਰਾਜਧਾਨੀ ਦੇ ਨੇੜੇ-ਤੇੜੇ ਅੰਦੋਲਨ ਦੌਰਾਨ ਕਿੰਨੇ ਕਿਸਾਨਾਂ ਦੀ ਮੌਤ ਹੋਈ | ਤੋਮਰ ਨੇ ਕਿਹਾ,''ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਕੋਲ ਇਸ ਮਾਮਲੇ 'ਚ ਕੋਈ ਅੰਕੜਾ ਨਹੀਂ ਹੈ |''
ਡੱਬੀ
ਲੋਕ ਸਭਾ 'ਚ ਪ੍ਰਸ਼ਨ ਕਾਲ ਲਈ ਭੇਜੇ ਗਏ ਮੇਰੇ ਦੋ ਸਵਾਲ ਹਟਾ ਦਿਤੇ ਗਏ : ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਪ੍ਰਸ਼ਨ ਕਾਲ ਲਈ ਭੇਜੇ ਗਏ ਸਵਾਲਾਂ ਦੀ ਸੂਚੀ ਵਿਚੋਂ ਦੋ ਸਵਾਲ ਹਟਾ ਦਿਤੇ ਗਏ | ਉਨ੍ਹਾਂ ਟਵੀਟ ਕੀਤਾ, ''ਖੇਤੀ-ਬੇਇਨਸਾਫ਼ੀ 'ਤੇ ਮੈਂ ਸੰਸਦ 'ਚ ਸਵਾਲ ਕੀਤੇ- ਕੀ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ? ਕੀ ਸਰਕਾਰ ਐਮਐਸਪੀ 'ਤੇ ਵਿਚਾਰ ਕਰ ਰਹੀ ਹੈ? ਕੋਵਿਡ ਦਾ ਖੇਤੀਬਾੜੀ 'ਤੇ ਕੀ ਪ੍ਰਭਾਵ ਪਿਆ? ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਨੇ ਦਾਅਵਾ ਕੀਤਾ, Tਪਹਿਲੇ ਦੋ ਸਵਾਲ ਉਹ ਖਾ ਗਏ ਅਤੇ ਤੀਜੇ ਦਾ ਜਵਾਬ ਦਿਤਾ - 'ਮਹਾਮਾਰੀ ਦੌਰਾਨ ਖੇਤੀ ਸੁਚਾਰੂ ਢੰਗ ਨਾਲ ਜਾਰੀ ਰਹੀ!'' ਕੀ ਮਜ਼ਾਕ ਹੈ?'' (ਏਜੰਸੀ)