
ਗਮਗੀਨ ਮਾਹੌਲ ਵਿਚ ਦਯਾ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਜਲੰਧਰ: ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( Death of a Punjabi youth) ਵਿਚ ਜਾ ਪੈਂਦੇ ਹਨ।
ਰੋਜ਼ੀ-ਰੋਟੀ ਦੀ ਭਾਲ 'ਚ ਸਾਊਦੀ ਅਰਬ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਉਹ ਜਿਸ ਕਾਰ ਵਿਚ ਸਵਾਰ ਸੀ, ਉਸ ਨੂੰ ਇਕ ਪਾਕਿਸਤਾਨੀ ਨੌਜਵਾਨ ਚਲਾ ਰਿਹਾ ਸੀ। ਉਕਤ ਨੌਜਵਾਨ ਦੀ ਲਾਸ਼ ਪਿੰਡ ਕਰਾੜੀ ਪਹੁੰਚਣ 'ਤੇ ਗਮਗੀਨ ਮਾਹੌਲ ਵਿਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਨੌਜਵਾਨ ਦਯਾ ਸਿੰਘ ਪੁੱਤਰ ਮੋਟਾ ਸਿੰਘ ਪਿੰਡ ਕਰਾੜੀ ਕੁੱਝ ਦੇਰ ਪਹਿਲਾਂ ਹੀ ਸਾਊਦੀ ਅਰਬ ਗਿਆ ਸੀ। ਸਾਊਦੀ ਅਰਬ ਵਿਚ ਉਹ ਰੋਜ਼ਗਾਰ ਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਜਦ ਉਹ ਇਕ ਕਾਰ ਵਿਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦਯਾ ਸਿੰਘ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਕਾਰ ਚਲਾ ਰਹੇ ਪਾਕਿਸਤਾਨੀ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਹਾਲਤ ਗੰਭੀਰ ਬਣੀ ਹੋਈ ਹੈ।
ਬੁੱਧਵਾਰ ਨੂੰ ਦਯਾ ਸਿੰਘ ਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਪਿੰਡ ਕਰਾੜੀ ਲਿਆਂਦੀ ਗਈ। ਗਮਗੀਨ ਮਾਹੌਲ ਵਿਚ ਦਯਾ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।