
ਵਕੀਲ ਪਰਦੀਪ ਸਿੰਘ ਵਿਰਕ ਨੇ ਦੱਸੀ ਇਕੱਲੀ-ਇਕੱਲੀ ਗੱਲ
ਚੰਡੀਗੜ੍ਹ (ਗਗਨਦੀਪ ਕੌਰ): ਬਲਵੰਤ ਸਿੰਘ ਮੁਲਤਾਨੀ ਕਤਲ ਮਾਮਲੇ ਦੀਆਂ ਗੱਲਾਂ ਸੁਮੇਧ ਸੈਣੀ ਤਕ ਗਈਆਂ। ਹਾਲਾਂਕਿ ਵੇਖਿਆ ਜਾਵੇ ਤਾਂ ਇਹ ਮਾਮਲਾ 1991 ਦਾ ਹੈ ਤੇ ਇਸ ਤੋਂ ਬਾਅਦ ਇਸ ਦੀ ਬਹੁਤ ਜਾਂਚ ਪੜਤਾਲ ਹੋਈ। ਇਹ ਮਾਮਲਾ ਸੀਬੀਆਈ ਤਕ ਗਿਆ। 2020 ਵਿਚ ਕੇਸ ਦਰਜ ਹੋਇਆ ਜਿਸ ਤੋਂ ਬਾਅਦ ਸੁਮੇਧ ਸੈਣੀ ਨੇ ਕਿਹਾ ਕਿ ਉਸ ਵਿਰੁਧ ਜਾਣ ਬੁੱਝ ਕੇ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਸੀ। ਹੁਣ ਪ੍ਰਵਾਰ ’ਚ ਇਨਸਾਫ਼ ਦੀ ਉਮੀਦ ਜਾਗੀ ਹੈ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ ਰੋਜ਼ਾਨਾ ਸਪੋਕਸਮੈਨ ਨੇ ਵਕੀਲ ਪਰਦੀਪ ਸਿੰਘ ਵਿਰਕ ਨਾਲ ਗੱਲਬਾਤ ਕੀਤੀ।
ਪਰਦੀਪ ਸਿੰਘ ਵਿਰਕ ਨੇ ਕਿਹਾ ਕਿ ਸੁਮੇਧ ਸੈਣੀ ਦੀਆਂ ਇਸ ਲਈ ਮੁਸ਼ਕਲਾਂ ਵੱਧ ਰਹੀਆਂ ਹਨ ਕਿ ਹਾਈ ਕੋਰਟ ਵਿਚ ਦੋਸ਼ ਆਇਦ ਹੋਣ ਤੋਂ ਬਾਅਦ ਵੀ ਇਹ ਕੇਸ ਸਟੇਅ ਹੋਇਆ ਕਿਉਂਕਿ ਸਰਕਾਰ ਵਲੋਂ ਉਸ ਤਰੀਕ ਨੂੰ ਜਵਾਬ ਦਾਇਰ ਨਹੀਂ ਕੀਤਾ ਗਿਆ ਸੀ। ਸਾਡਾ ਜਵਾਬ ਪਹਿਲਾਂ ਹੀ ਦਾਇਰ ਸੀ। ਪਰਦੀਪ ਸਿੰਘ ਵਿਰਕ ਨੇ ਕਿਹਾ ਕਿ ਹਾਈ ਕੋਰਟ ਨੇ ਕਿਹਾ ਕਿ ਬਾਕੀ ਸਾਰੀਆਂ ਕਾਰਵਾਈਆਂ ਕਰੋ ਬੱਸ ਇਕ ਇਹ ਦੋਸ਼ ’ਤੇ ਬਹਿਸ ਨਹੀਂ ਕਰਨੀ। ਕਈ ਵਾਰ ਕੇਸ ਨੂੰ 2-3 ਮਹੀਨੇ ਲੱਗ ਜਾਂਦੇ। ਕਦੇ ਚਲਾਨ ਦੀ ਕਾਪੀ, ਕਦੇ ਕੋਈ ਸਾਫ਼ ਕਾਪੀ ਨਹੀਂ, ਕਦੇ ਛੁੱਟੀਆਂ ਜਾਂ ਫਿਰ ਕੋਰਟ ਨੇ ਤਰੀਕ ਪਾ ਦਿਤੀ।
ਪਰ ਇਥੇ ਇਹ ਕਾਰਵਾਈ 10 ਦਿਨ ਵਿਚ ਪੂਰੀ ਹੋਵੇਗੀ। 26 ਨਵੰਬਰ ਨੂੰ ਅਰਜ਼ੀ ਲਗਾਈ ਗਈ ਸੀ ਕਿ ਸੀਬੀਆਈ ਵਿਚ ਤਫ਼ਤੀਸ਼ ਦੌਰਾਨ ਜੋ ਬਿਆਨ ਦਰਜ ਹੋਏ ਅਤੇ ਜੋ ਦਸਤਾਵੇਜ਼ ਕਲੀਅਰ ਨਹੀਂ ਉਹ ਉਨ੍ਹਾਂ ਨੂੰ ਦਿਤੇ ਜਾਣ। ਤੀਜੀ ਗੱਲ ਇਕ ਆਰਟੀਆਈ ਵਿਚ ਐਸਐਸਪੀ ਮੁਹਾਲੀ ਵਲੋਂ ਜਵਾਬ ਦਿਤਾ ਗਿਆ ਸੀ ਕਿ ਇਕ ਰਿਕਾਰਡ ਕੋਰਟ ਵਿਚ ਲਗਾਇਆ ਗਿਆ, ਉਹ ਰਿਕਾਰਡ ਵੀ ਉਨ੍ਹਾਂ ਨੇ ਮੰਗਿਆ ਸੀ। ਮੈਂ 27 ਨਵਬੰਰ ਨੂੰ ਇਸ ਦਾ ਜਵਾਬ ਫ਼ਾਈਲ ਵੀ ਕਰ ਦਿਤਾ ਸੀ ਜਿਸ ਵਿਚ ਮੈਂ ਸਾਫ਼ ਲਿਖਿਆ ਸੀ ਕਿ ਪੇਜ ਨੰਬਰ 295 ਤੇ 304 ਨੰਬਰ ਜੋ ਚਲਾਨ ਦੇ ਪੇਜ ਹਨ ਉਨ੍ਹਾਂ ਵਿਚ ਸੀਬੀਆਈ ਤੇ ਹਾਈ ਕੋਰਟ ਨੂੰ ਲਿਖੀਆਂ ਚਿੱਠੀਆਂ ਹਨ ਜਿਸ ਵਿਚ ਰਿਕਾਰਡ ਮੰਗਿਆ ਹੋਇਆ ਹੈ। ਉਹ ਰਿਕਾਰਡ ਕਦੇ ਆਇਆ ਹੀ ਨਹੀਂ। ਸੀਬੀਆਈ ਦੀ ਜਾਂਚ ਵੀ ਉਹੀ ਸੀ ਜੋ ਪੰਜਾਬ ਪੁਲਿਸ ਦੀ ਸੀ।
ਦੋਵਾਂ ਵਿਚ ਕੋਈ ਫ਼ਰਕ ਨਹੀਂ ਸੀ। ਸੁਮੇਧ ਸੈਣੀ ਦੀ ਆਦਤ ਹੈ ਕਿ ਉਹ ਸਾਰੇ ਰਾਜਨੀਤਕ ਲੀਡਰਾਂ ਤੋਂ ਮਦਦ ਲੈਂਦਾ ਹੈ। ਜਦੋਂ ਫਸ ਜਾਂਦਾ ਹੈ ਫਿਰ ਕਹਿ ਦਿੰਦਾ ਕਿ ਮੈਨੂੰ ਜਾਣ ਬੁਝ ਕੇ ਤੰਗ ਕੀਤਾ ਜਾ ਰਿਹਾ ਹੈ। ਪਰਦੀਪ ਸਿੰਘ ਵਿਰਕ ਨੇ ਅੱਗੇ ਕਿਹਾ ਕਿ ਹੁਣ ਦੋਸ਼ਾਂ ’ਤੇ ਬਹਿਸ ਹੋਵੇਗੀ। ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਅੱਗੇ ਕਬੂਲ ਕੀਤਾ ਹੈ ਕਿ ਸੁਮੇਧ ਸੈਣੀ ਨੇ ਬੇਕਸੂਰ ਲੋਕ ਮਾਰੇ ਤੇ ਅਸੀਂ ਉਸ ਨੂੰ ਤਰੱਕੀ ਦਿਤੀ।
ਹੁਣ ਜਦੋਂ ਸੁਖਬੀਰ ਬਾਦਲ ਨੇ ਮੰਨ ਹੀ ਲਿਆ ਤਾਂ ਸੁਪਰੀਮ ਕੋਰਟ ਵਿਚ ਵੀ ਸਪੱਟਸ਼ੀਕਰਨ ਦੇਣਾ ਚਾਹੀਦਾ ਹੈ ਕਿ ਸਾਡੀ ਸਰਕਾਰ ਵੇਲੇ ਇਹ ਕੁੱਝ ਹੋਇਆ। ਮੈਨੂੰ ਲਗਦਾ ਹੈ ਕਿ ਸੁਖਬੀਰ ਬਾਦਲ ਨੇ ਦਿਲੋਂ ਮੁਆਫ਼ੀ ਮੰਗੀ ਹੁਣ ਉਹ ਗ਼ਲਤੀਆਂ ਨੂੰ ਸਹੀ ਕਰਨ ਲਈ ਕਦਮ ਵੀ ਚੁੱਕਣ। ਲੋਕ ਇਸ ਤਰ੍ਹਾਂ ਗੱਲਾਂ ਵਿਚ ਨਹੀਂ ਆਉਣਗੇ। ਸੁਖਬੀਰ ਬਾਦਲ ਜਾਂ ਸੁਮੇਧ ਸੈਣੀ ਵਿਚੋਂ ਕੌਣ ਸਹੀ ਹੈ ਤੇ ਕੌਣ ਗ਼ਲਤ ਇਸ ਬਾਰੇ ਕੋਰਟ ਵਿਚ ਸਾਬਤ ਕਰਨਾ ਹੈ।