
ਇਸ ਤੋਂ ਪਹਿਲਾਂ ਵੀ ਅਪੇਕਸ਼ਾ 2 ਇੰਡੀਆ ਬੁੱਕ, 1 ਏਸ਼ੀਆ ਬੁੱਕ, 2 ਵਰਲਡ ਰਿਕਾਰਡ ਬਣਾਉਣ ਦੇ ਨਾਲ ਰਾਸ਼ਟਰੀ ਤੇ ਅੰਤਰਾਸ਼ਟਰੀ ਅਬੈਕਸ ਮੁਕਾਬਲੇ ਵੀ ਜਿੱਤ ਚੁੱਕੀ ਹੈ
ਰਾਮਪੁਰਾ ਫੂਲ (ਹਰਿੰਦਰ ਬੱਲੀ) : ਇਥੋਂ ਦੀ ਸਕੂਲ ਵਿਦਿਆਰਥਣ ਅਪੇਕਸ਼ਾ, ਜਿਸ ਨੂੰ ‘ਰਿਕਾਰਡ ਗਰਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਗਣਿਤ ਵਿਸ਼ੇ ਵਿਚ ਇਕ ਹੋਰ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਵਲੋਂ ਇਕ ਤੋਂ ਲੈ ਕੇ ਚਾਰ ਅੰਕਾਂ ਵਾਲੇ 50 ਨੰਬਰਾਂ ਦੇ ਵਰਗ ਮੂਲ ਦੇ ਸਵਾਲ ਤੇਜ਼ ਗਤੀ ਨਾਲ ਹੱਲ ਕਰ ਕੇ ਇਹ ਚਮਤਕਾਰ ਕਰ ਵਿਖਾਇਆ ਗਿਆ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਪੇਕਸ਼ਾ 2 ਇੰਡੀਆ ਬੁੱਕ, 1 ਏਸ਼ੀਆ ਬੁੱਕ, 2 ਵਰਲਡ ਰਿਕਾਰਡ ਬਣਾਉਣ ਦੇ ਨਾਲ ਰਾਸ਼ਟਰੀ ਤੇ ਅੰਤਰਾਸ਼ਟਰੀ ਅਬੈਕਸ ਮੁਕਾਬਲੇ ਵੀ ਜਿੱਤ ਚੁੱਕੀ ਹੈ। ਬਠਿੰਡਾ ਦੇ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਅਪੇਕਸ਼ਾ ਨੂੰ ਸਨਮਾਨਤ ਕੀਤਾ।
ਸ਼ਾਰਪ ਬ੍ਰੇਨਜ਼ ਦੇ ਡਾਇਰੈਕਟਰ ਰੰਜੀਵ ਗੋਇਲ, ਜੋ ਕਿ ਅਪੇਕਸ਼ਾ ਦੇ ਪਿਤਾ ਅਤੇ ਕੋਚ ਵੀ ਹਨ, ਨੇ ਦਸਿਆ ਕਿ ਸਥਾਨਕ ਸੇਂਟ ਜ਼ੇਵੀਅਰ ਸਕੂਲ ਦੀ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਨੇ ਅਪੇਕਸ਼ਾ ਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸ ਨੂੰ ਸਰਟੀਫ਼ਿਕੇਟ ਤੇ ਮੈਡਲ ਦੇ ਕੇ ਸਨਮਾਨਤ ਕੀਤਾ ਹੈ।
ਐਸਐਸਪੀ ਬਠਿੰਡਾ ਮੈਡਮ ਅਮਨੀਤ ਕੌਡਲ ਨੇ ਇਸ ਨਵੇਂ ਰਿਕਾਰਡ ’ਤੇ ਅਪੇਕਸ਼ਾ ਨੂੰ ਸਨਮਾਨਤ ਕਰਦਿਆਂ ਵਧਾਈ ਦਿਤੀ। ਉਨ੍ਹਾਂ ਹੋਰਾਂ ਨੂੰ ਵੀ ਅਪੇਕਸ਼ਾ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸਥਾਨਕ ਜੇਵੀਅਰ ਸਕੂਲ ਦੇ ਪ੍ਰਿੰਸੀਪਲ ਫ਼ਾਦਰ ਯੁਲਾਲੀਓ ਫ਼ਰਨਾਂਡੇਜ਼ ਤੇ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਦੇ ਰਾਕੇਸ਼ ਤਾਇਲ ਆਦਿ ਨੇ ਅਪੇਕਸ਼ਾ ਅਤੇ ਪ੍ਰਵਾਰ ਨੂੰ ਵਧਾਈ ਦਿਤੀ।