
ਚਿੱਟਾ ਵੇਚਦੇ ਫੜੇ ਗਏ ਬੰਦੇ ਦੀ ਨਹੀਂ ਕਰਵਾਏਗਾ ਕੋਈ ਜ਼ਮਾਨਤ
The panchayat of village Kothe Pipli passed a big resolution against the drug trafficker: ਪੰਜਾਬ ਵਿਚ ਇੰਨੀ ਦਿਨੀਂ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਹਨ ਅਤੇ ਹੁਣ ਨਵੀਆਂ ਚੁਣੀਆਂ ਪੰਚਾਇਤਾਂ ਵੱਲੋਂ ਨਸ਼ੇ ਖਿਲਾਫ ਇੱਕਜੁੱਟ ਹੋ ਕੇ ਲੜਾਈ ਲੜਨ ਦਾ ਐਲਾਨ ਕੀਤਾ ਗਿਆ ਹੈ ਅਤੇ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਬਕਾਇਦਾ ਮਤੇ ਪਾ ਕੇ ਨਸ਼ਾ ਤਸਕਰਾਂ ਦੀ ਪਹਿਚਾਣ ਕਰਨ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਕਿਸੇ ਤਰ੍ਹਾਂ ਦੀ ਵੀ ਕਾਨੂੰਨੀ ਪੈਰਵਾਈ ਨਹੀਂ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ।
ਬਠਿੰਡਾ ਦੇ ਪਿੰਡ ਕੋਠੇ ਪਿੱਪਲੀ ਮਹਿਰਾਜ ਦੀ ਪੰਚਾਇਤ ਵੱਲੋਂ ਪਿਛਲੇ ਦਿਨੀਂ ਨਸ਼ਾ ਤਸਕਰਾਂ ਵਿਰੁਧ ਮਤਾ ਪਾਇਆ ਗਿਆ। ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਸੀ ਅਤੇ ਉਹਨਾਂ ਨੂੰ ਲਗਾਤਾਰ ਚਿੰਤਾ ਸਤਾ ਰਹੀ ਸੀ ਕਿ ਇਹ ਨਸ਼ੇ ਦੀ ਅੱਗ ਕਿਤੇ ਉਹਨਾਂ ਦੇ ਪਿੰਡ ਵੱਲ ਨਾ ਹੋ ਤੁਰੇ। ਇਸ ਦੇ ਚਲਦੇ ਉਹਨਾਂ ਵੱਲੋਂ ਸਮੁੱਚੀ ਪੰਚਾਇਤ ਅਤੇ ਨੰਬਰਦਾਰ ਨਾਲ ਮੀਟਿੰਗ ਕਰਕੇ ਮਤਾ ਪਾਇਆ ਗਿਆ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਅਜਿਹੇ ਲੋਕਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਪੈਰਵਾਈ ਨਾ ਕੀਤੀ ਜਾਵੇ ਜੋ ਨਸ਼ੇ ਦੇ ਕਾਰੋਬਾਰ ਨਾਲ ਲਿਪਤ ਹਨ ਅਤੇ ਜੋ ਨੌਜਵਾਨ ਨਸ਼ਾ ਛੱਡ ਕੇ ਆਮ ਜ਼ਿੰਦਗੀ ਵਿੱਚ ਪਰਤਣਾ ਚਾਹੁੰਦੇ ਹਨ ਉਹਨਾਂ ਦਾ ਇਲਾਜ ਵੀ ਉਹ ਆਪਣੀ ਜੇਬ ਵਿੱਚੋਂ ਕਰਾਉਣ ਨੂੰ ਤਿਆਰ ਹਨ।
ਉਹਨਾਂ ਦੱਸਿਆ ਕਿ ਆਏ ਦਿਨ ਪਿੰਡ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਨ। ਜਿੱਥੇ ਇਹ ਮਤਾ ਪੈਣ ਤੋਂ ਬਾਅਦ ਪਿੰਡ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਖੜੋਤ ਆਈ ਹੈ ਉੱਥੇ ਹੀ ਪਿੰਡ ਵੱਲੋਂ ਇੱਕਜੁੱਟ ਹੋ ਕੇ ਨਸ਼ੇ ਖਿਲਾਫ ਲੜਾਈ ਲੜਨ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੰਚਾਇਤ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਹੁਣ ਪਿੰਡ ਵਾਸੀਆਂ ਵੱਲੋਂ ਲਗਾਤਾਰ ਅਜਿਹੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਜਾਂ ਨਸ਼ੇ ਦੇ ਕਾਰੋਬਾਰ ਨੂੰ ਬੜਾਵਾ ਦੇ ਰਹੇ ਹਨ ਅਤੇ ਪਹਿਚਾਣ ਹੋਣ ਤੋਂ ਬਾਅਦ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਕਾਨੂੰਨੀ ਕਾਰਵਾਈ ਤੋਂ ਬਾਅਦ ਅਜਿਹੇ ਲੋਕਾਂ ਦੀ ਜ਼ਮਾਨਤ ਜਾਂ ਹੋਰ ਕਿਸੇ ਤਰ੍ਹਾਂ ਦੀ ਪੈਰਵਾਈ ਪਿੰਡ ਦੇ ਕਿਸੇ ਵੀ ਵਿਅਕਤੀ ਵੱਲੋਂ ਨਹੀਂ ਕੀਤੀ ਜਾਵੇਗੀ। ਪਿੰਡ ਵੱਲੋਂ ਵੀ ਉਨਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਉਨਾਂ ਦੇ ਇਸ ਕਦਮ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ