
ਮਾਰਚ ਤਕ ਪੰਜਾਬ ਦੇ ਸਾਰੇ ਪੇਂਡੂ ਘਰਾਂ ਨੂੰ ਮਿਲੇਗੀ ਪਾਣੀ ਦੀ ਸਪਲਾਈ : ਰਜ਼ੀਆ ਸੁਲਤਾਨਾ
ਚੰਡੀਗੜ੍ਹ, 8 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਸਾਰੇ 35 ਲੱਖ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਾ ਟੀਚਾ ਮਾਰਚ 2022 ਤਕ ਪੂਰਾ ਕਰ ਲਿਆ ਜਾਵੇਗਾ। ਇਹ ਟੀਚਾ ਜਲ ਜੀਵਨ ਮਿਸ਼ਨ ਤਹਿਤ ਪੂਰਾ ਕੀਤਾ ਜਾਵੇਗਾ। ਇਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਸਿਆ ਕਿ ਦਸੰਬਰ 2020 ਤਕ 66 ਫ਼ੀ ਸਦੀ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਿਤੀ ਜਾ ਚੁੱਕੀ ਹੈ ਅਤੇ ਅਗਲੇ ਸਾਲ ਮਾਰਚ ਮਹੀਨੇ ਤਕ ਇਹ ਦਰ 100 ਫ਼ੀ ਸਦੀ ਕਰ ਦਿਤੀ ਜਾਵੇਗੀ। ਸਾਲ 2020 ਵਿਚ 6 ਲੱਖ ਕੁਨੈਕਸ਼ਨ ਦਿਤੇ ਗਏ।
ਉਨ੍ਹਾਂ ਦਸਿਆ ਕਿ ਕੋਰੋਨਾ ਸੰਕਟ ਦੇ ਬਾਵਜੂਦ ਸਾਲ 2020 ਦੌਰਾਨ ਪੰਜਾਬ ਦੇ ਤਿੰਨ ਜ਼ਿਲਿ੍ਹਆਂ ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ ਅਤੇ ਰੂਪਨਗਰ ਵਿਚ 100 ਪ੍ਰਤੀਸ਼ਤ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸੁਵਿੱਧਾ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ 14 ਬਲਾਕਾਂ ਅਤੇ 4608 ਪਿੰਡਾਂ ਵਿਚ ਵੀ 100 ਫ਼ੀ ਸਦੀ ਪਾਈਪ ਰਾਹੀਂ ਪਾਣੀ ਦਾ ਟੀਚਾ ਪੂਰਾ ਹੋ ਚੁੱਕਾ ਹੈ।
ਇਕ ਅਹਿਮ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰੀ ਪੇਂਡੂ ਸਕੂਲਾਂ ਵਿਚ ਪਾਈਪ ਰਾਹੀ ਪਾਣੀ ਦੀ ਸਪਲਾਈ ਸਿਖਿਆ ਵਿਭਾਗ ਦੀ ਸਹਾਇਤਾ ਨਾਲ ਮੁਹਈਆ ਕਰਵਾ ਕੇ ਪੰਜਾਬ ਨੇ ਦੇਸ਼ ਭਰ ਵਿਚ ਸੱਭ ਤੋਂ ਪਹਿਲਾਂ ਇਹ ਮੁਕਾਮ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸਕੂਲਾਂ ਵਿਚ ਪਖ਼ਾਨਿਆਂ ਦੀ ਘਾਟ ਪੂਰੀ ਕਰਨ ਲਈ ਜਲ ਸਪਲਾਈ ਵਿਭਾਗ ਵਲੋਂ 11 ਕਰੋੜ ਰੁਪਏ ਦੀ ਰਾਸ਼ੀ ਸਿਖਿਆ ਵਿਭਾਗ ਨੂੰ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਸਾਲ 2020 ਦੌਰਾਨ 124 ਕਰੋੜ ਰੁਪਏ ਦੀ ਲਾਗਤ ਨਾਲ 709 ਪੇਂਡੂ ਜਲ ਸਪਲਾਈ ਦੀਆਂ ਨਵੀਆਂ ਸਕੀਮਾਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।
ਸਾਰੇ ਪੇਂਡੂ ਸਕੂਲਾਂ ’ਚ ਪਾਣੀ ਦੀ ਸਪਲਾਈ ਕਰਨ ਵਾਲਾ ਦੇਸ਼ ’ਚੋਂ ਮੋਹਰੀ ਸੂਬਾ ਬਣਿਆ ਪੰਜਾਬ
ਸ਼ੁੱਧ ਪਾਣੀ ਲਈ 1249 ਕਰੋੜ ਰੁਪਏ ਦੀ ਲਾਗਤ ਨਾਲ 5 ਜ਼ਿਲਿ੍ਹਆਂ ’ਚ 11 ਪ੍ਰਾਜੈਕਟ ਜਾਰੀ