
ਸੁਰਖ਼ ਫਰੇਰੇ ਲੈ ਕੇ ਦਿੱਲੀ ਮੋਰਚੇ 'ਚ ਪੁੱਜੇ ਖੇਤ ਮਜ਼ਦੂਰਾਂ ਦੇ ਕਾਫ਼ਲੇ
ਕਿਸਾਨ-ਮਜ਼ਦੂਰ ਜੋਟੀ ਮਜਬੂਤ ਕਰਨ ਦਾ ਲਿਆ ਅਹਿਦ
ਨਵੀਂ ਦਿੱਲੀ/ ਚੰਡੀਗੜ੍ਹ, 8 ਜਨਵਰੀ (ਭੁੱਲਰ) : ਖੇਤੀ ਕਾਨੂੰਨਾਂ ਵਿਰੁਧ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿਚ ਅੱਜ ਹੱਥਾਂ 'ਚ ਸੁਰਖ ਫ਼ਰੇਰੇ ਲੈ ਕੇ ਵੱਡੀ ਗਿਣਤੀ 'ਚ ਪੁੱਜੇ ਖੇਤ ਮਜ਼ਦੂਰ ਮਰਦ ਔਰਤਾਂ ਨੌਜਵਾਨਾਂ ਤੇ ਬੱਚਿਆਂ ਨੇ ਕਿਸਾਨ ਸੰਘਰਸ਼ ਦੇ ਜੋਸ਼ ਨੂੰ ਹੋਰ ਵੀ ਬੁਲੰਦੀਆਂ 'ਤੇ ਪਹੁੰਚਾ ਦਿਤਾ |
ਇਸ ਮੌਕੇ ਵਿਸ਼ਾਲ ਇਕੱਠ ਵਲੋਂ ਖੜੇ ਹੋ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਜੋਟੀ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਸਾਂਝੀ ਲਹਿਰ ਉਸਾਰਨ ਦਾ ਅਹਿਦ ਕੀਤਾ ਗਿਆ | ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਵੱਡੀ ਗਿਣਤੀ ਖੇਤ ਮਜ਼ਦੂਰਾਂ ਵਲੋਂ ਟਿੱਕਰੀ ਬਾਰਡਰ 'ਤੇ ਲੱਗੇ ਪੰਡਾਲ 'ਚ ਪੁੱਜਣ ਸਮੇਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਜੋਸ਼ੀਲੇ ਨਾਹਰਿਆਂ ਨਾਲ ਜ਼ੋਰਦਾਰ ਸਵਾਗਤ ਕਰਦਿਆਂ ਅੱਜ ਦੀ ਸਟੇਜ ਕਾਰਵਾਈ ਚਲਾਉਣ ਦੀ ਜ਼ਿੰਮੇਵਾਰੀ ਖੇਤ ਮਜ਼ਦੂਰ ਜਥੇਬੰਦੀ ਨੂੰ ਸੌਾਪ ਦਿਤੀ ਗਈ |
ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸੰਬੋਧਨ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜੋਟੀ ਦੇ ਮਹੱਤਵ ਨੂੰ ਉਘਾੜਿਆ | ਉਨ੍ਹਾਂ ਆਖਿਆ ਕਿ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸਾਨ ਤੇ ਮਜ਼ਦੂਰ ਜਾਤ-ਪਾਤ ਦੀਆਂ ਵਲਗਣਾਂ ਉਲੰਘ ਕੇ ਤੇ ਇਕ ਜੁੱਟ ਹੋ ਕੇ ਮੈਦਾਨ 'ਚ ਨਿੱਤਰੇ ਹਨ ਉਦੋਂ ਹੀ ਸੰਘਰਸ਼ੀ ਲਹਿਰਾਂ ਨੇ ਵੱਡੀਆਂ ਮੰਜ਼ਲਾਂ ਸਰ ਕੀਤੀਆਂ ਹਨ | ਉਨ੍ਹਾਂ ਸੰਘਰਸ਼ ਦੇ ਮੋਰਚੇ 'ਚ ਡਟੇ ਕਿਸਾਨਾਂ ਦੇ ਦਿ੍ੜ ਇਰਾਦਿਆਂ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਖੇਤਾਂ ਦੇ ਸਾਂਝੀ ਤੇ ਖੇਤੀ ਸੰਕਟ ਤੋਂ ਸੱਭ ਤੋਂ ਜ਼ਿਆਦਾ ਪੀੜਤ ਖੇਤ ਮਜ਼ਦੂਰਾਂ ਨੂੰ ਮੌਜੂਦਾ ਸੰਘਰਸ਼ ਦਾ ਅੰਗ ਬਨਾਉਣ ਲਈ ਤਾਣ ਜੁਟਾਉਣ | ਉਨ੍ਹਾਂ ਆਖਿਆ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਮੋਦੀ ਹਕੂਮਤ ਵਲੋਂ ਬੋਲਿਆ ਹੱਲਾ ਖੇਤ ਮਜ਼ਦੂਰਾਂ ਤੇ ਦਲਿਤਾਂ ਦੀ ਹੋਂਦ ਨੂੰ ਹੀ ਖ਼ਤਰੇ ਮੂੰਹ ਧੱਕਣ ਦਾ ਜ਼ਰ੍ਹੀਆ ਬਣੇਗਾ | ਉਨ੍ਹਾਂ ਐਲਾਨ ਕੀਤਾ ਕਿ ਖੇਤ ਮਜ਼ਦੂਰਾਂ ਦਾ ਇਹ ਵਿਸ਼ਾਲ ਕਾਫ਼ਲਾ 9 ਜਨਵਰੀ ਨੂੰ ਸਵੇਰੇ 10 ਵਜੇ ਸਿੰਘੂ ਬਾਰਡਰ ਮੋਰਚੇ 'ਤੇ ਡਟੇ ਕਿਸਾਨਾਂ 'ਚ ਸ਼ਾਮਲ ਹੋ ਕੇ ਉਨ੍ਹਾਂ ਨਾਲ ਸੰਘਰਸ਼ੀ ਸਾਂਝ ਦੀ ਬਾਤ ਪਾਏਗਾ | ਇਸ ਮੌਕੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਖੇਤ ਮਜ਼ਦੂਰਾਂ ਵਲੋਂ ਵਿਸ਼ਾਲ ਗਿਣਤੀ ਵਿਚ ਸੈਂਕੜੇ ਕਿਲੋਮੀਟਰਾਂ ਦਾ ਪੰਧ ਮੁਕਾ ਕੇ ਮੋਰਚੇ 'ਚ ਸ਼ਾਮਲ ਹੋਣ ਦਾ ਸਵਾਗਤ ਕੀਤਾ |
ਉਘੇ ਬੁੱਧੀਜੀਵੀ ਹਿੰਮਾਸ਼ੂ ਕੁਮਾਰ ਨੇ ਅਪਣੇ ਸੰਬੋਧਨ ਦੌਰਾਨ ਆਖਿਆ ਕਿ ਮੌਜੂਦਾ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਇਨਸਾਨੀਅਤ ਨੂੰ ਬਚਾਉਣ ਤੇ ਸ਼ੈਤਾਨੀਅਤ ਨੂੰ ਹਰਾਉਣ ਦੀ ਲੜਾਈ ਹੈ | ਇਸ ਲੜਾਈ ਵਿਚ ਕਿਸਾਨਾਂ ਤੋਂ ਇਲਾਵਾ ਦਲਿਤਾਂ ਆਦਿਵਾਸੀਆਂ ਤੇ ਔਰਤਾਂ ਦੀ ਭੂਮਿਕਾ ਬੇਹੱਦ ਮਹੱਤਵ ਰੱਖਦੀ ਹੈ | ਮਹਿਲਾ ਖੇਤ ਮਜ਼ਦੂਰ ਆਗੂ ਗੁਰਮੇਲ ਕੌਰ ਸਿੰਘੇਵਾਲਾ ਤੇ ਮਹਿਲਾ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਨੇ ਆਖਿਆ ਕਿ ਕਿਸਾਨ ਮਜ਼ਦੂਰ ਔਰਤਾਂ ਦੀ ਵਿਸ਼ਾਲ ਗਿਣਤੀ ਦਾ ਜੁੜ ਕੇ ਬੈਠਣਾ ਸੰਘਰਸ਼ ਨੂੰ ਹੋਰ ਤਕੜਾਈ ਦੇਵੇਗਾ |