
ਕਿਸਾਨਾਂ ਦੀਆਂ ਮੰਗਾਂ ਜਾਇਜ਼, ਕਾਲੇ ਕਾਨੂੰਨ ਤੁਰਤ ਰੱਦ ਕਰੇ ਨਰਿੰਦਰ ਮੋਦੀ : ਪਰਨੀਤ ਕੌਰ
ਟ੍ਰੈਕਟਰ-ਟਰਾਲੀ ਗਵਾਉਣ ਵਾਲੇ ਕਿਸਾਨਾਂ ਨੂੰ ਨਵੀ ਟ੍ਰੈਕਟਰ-ਟਰਾਲੀ ਦਿਤੀ
ਢਕਾਲਾ/ਸਨੌਰ, 8 ਜਨਵਰੀ (ਗੁੁਰਸੇਵਕ ਸਿੰੰਘ/ਇਕਬਾਲ ਸਿੰਘ) : ਪਟਿਆਲਾ ਤੋਂ ਸੰਸਦ ਮੈਂਬਰ ਸ਼੍ਰੀਮਤੀ ਪਰਨੀਤ ਕੌਰ, ਅੱਜ ਜ਼ਿਲ੍ਹਾ ਪਟਿਆਲਾ ਦੇ ਉਨ੍ਹਾਂ ਕਿਸਾਨਾਂ ਦੇ ਪਰਵਾਰਾਂ ਨੂੰ ਨਵੇਂ ਟ੍ਰੈਕਟਰ-ਟਰਾਲੀ ਪ੍ਰਦਾਨ ਕਰਨ ਲਈ ਪਿੰਡ ਸਫ਼ੇੜਾ ਵਿਖੇ ਪੁੱਜੇ, ਜਿਨ੍ਹਾਂ ਕਿਸਾਨਾਂ ਦੇ ਟ੍ਰੈਕਟਰ ਤੇ ਟਰਾਲੀ ਸਿੰਘੂ ਬਾਰਡਰ ਤੋਂ ਵਾਪਸ ਪਰਤਦੇ ਸਮੇਂ ਇਕ ਹਾਦਸੇ ਦਾ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ |
ਪਰਨੀਤ ਕੌਰ ਦੀ ਪਹਿਲਕਦਮੀ 'ਤੇ, ਹਾਦਸੇ 'ਚ ਅਪਣੀ ਜਾਨ ਗਵਾਉਣ ਵਾਲੇ ਕਿਸਾਨ ਲਾਭ ਸਿੰਘ ਦੇ ਪਰਵਾਰ ਨੂੰ ਸੋਨਾਲੀਕਾ ਕੰਪਨੀ ਵਲੋਂ ਨਵਾਂ ਟ੍ਰੈਕਟਰ ਅਤੇ ਹਾਦਸੇ 'ਚ ਜ਼ਖ਼ਮੀ ਹੋਏ ਸਰਪੰਚ ਨਰਿੰਦਰ ਸਿੰਘ ਨੂੰ ਨਾਭਾ ਪਾਵਰ ਲਿਮਟਿਡ ਵਲੋਂ ਟਰਾਲੀ ਮੁਹਈਆ ਕਰਵਾਈ ਗਈ ਹੈ |
ਲੋਕ ਸਭਾ ਮੈਂਬਰ ਨੇ ਇਸੇ ਦੌਰਾਨ ਪਿੰਡ ਪ੍ਰਤਾਪਗੜ੍ਹ (ਤਾਰਾ ਚੰਦ) ਦੇ ਬੀਤੇ ਦਿਨੀਂ ਫ਼ੌਤ ਹੋਏ ਕਿਸਾਨ ਜਗੀਰ ਸਿੰਘ ਦੀ ਸੁਪਤਨੀ ਸੁਰਿੰਦਰ ਕੌਰ ਤੇ ਪੁੱਤਰ ਜਸਵਿੰਦਰ ਸਿੰਘ ਤੇ ਹੋਰ ਪਰਵਾਰਕ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਮਹਿਮਦਪੁਰ ਜੱਟਾਂ ਦੇ ਕਿਸਾਨ, ਹਰਬੰਸ ਸਿੰਘ ਦੇ ਪੁੱਤਰ ਸਤਪਾਲ ਸਿੰਘ, ਦਵਿੰਦਰ ਸਿੰਘ ਤੇ ਪੋਤਰੇ ਜਗਤਾਰ ਸਿੰਘ ਨੂੰ ਵੀ ਮਿਲ ਕੇ ਅਫ਼ਸੋਸ ਪ੍ਰਗਟਾਉਾਦਿਆਂ ਹਮਦਰਦੀ ਜਤਾਈ | ਇਸ ਮੌਕੇ ਹਲਕਾ ਸਨੌਰ ਦੇ ਇੰਚਾਰਜ ਸ. ਹਰਿੰਦਰ ਪਾਲ ਸਿੰਘ ਹੈਰੀਮਾਨ ਵੀ ਉਨ੍ਹਾਂ ਦੇ ਨਾਲ ਸਨ |
ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਖੇਤੀਬਾੜੀ ਸਬੰਧੀਂ ਕਾਲੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਦੀ ਜ਼ੋਰਦਾਰ ਸ਼ਬਦਾਂ 'ਚ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਦੇ ਹੋਏ ਕਾਲੇ ਕਾਨੂੰਨਾਂ ਨੂੰ ਤੁਰਤ ਰੱਦ ਕਰੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਸੰਘਰਸ਼ 'ਚ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਸੰਘਰਸ਼ ਤੇ ਅੰਤ ਤਕ ਕਿਸਾਨਾਂ ਦਾ ਸਾਥ ਦੇਵੇਗੀ | ਲੋਕ ਸਭਾ ਮੈਂਬਰ ਨੇ ਕਿਹਾ ਕਿ ਜਦੋਂ ਅੱਜ ਪੰਜਾਬ ਦਾ ਬੱਚਾ-ਬੱਚਾ ਕਿਸਾਨੀ ਸੰਘਰਸ਼ 'ਚ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਅਤੇ ਹਿੰਦੁਸਤਾਨ ਹੀ ਨਹੀਂ ਬਲਕਿ ਪੂਰੇ ਵਿਸ਼ਵ ਭਰ 'ਚ ਕਿਸਾਨਾਂ ਦੇ ਹੱਕ 'ਚ ਆਵਾਜ ਬੁਲੰਦ ਕੀਤੀ ਜਾ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਅਪਣੀ ਹੱਠ ਧਰਮੀ ਦਾ ਤਿਆਗ਼ ਕਰ ਕੇ ਕਿਸਾਨਾਂ ਦੀ ਆਵਾਜ ਸੁੁਣ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ਬਲਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਕੇ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ, ਇਸੇ 'ਚ ਦੇਸ਼ ਤੇ ਕਿਸਾਨਾਂ ਦੀ ਭਲਾਈ ਹੈ |
ਸ਼੍ਰੀਮਤੀ ਪਰਨੀਤ ਕੌਰ ਨੇ ਦੁਹਰਾਇਆ ਕਿ ਭਾਵੇਂ ਕਿ ਮਨੁੱਖੀ ਜਾਨਾਂ ਦਾ ਕੋਈ ਮੁੱਲ ਨਹੀਂ ਹੈ ਪਰੰਤੂ ਪੰਜਾਬ ਸਰਕਾਰ ਨੇ ਫੇਰ ਵੀ ਕਿਸਾਨਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ 5-5 ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ |