
ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਕਰਿਆਨਾ ਵਪਾਰੀ ਦੀ ਮੌਤ
ਕੋਟਕਪੂਰਾ, 8 ਜਨਵਰੀ (ਗੁਰਮੀਤ ਸਿੰਘ ਮੀਤਾ): ਸਮੁੱਚੀ ਮਾਲਵਾ ਬੈਲਟ ’ਚ ਕੈਂਸਰ ਦੀ ਕਰੋਪੀ ਨਾਲ ਰੋਜ਼ਾਨਾ ਦੀ ਤਰ੍ਹਾਂ ਕਿਸੇ ਨਾ ਕਿਸੇ ਘਰ ਸੱਥਰ ਵਿਛਣ ਦੀਆਂ ਦੁਖਦਾਇਕ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਸਥਾਨਕ ਮੁਹੱਲਾ ਹਰਨਾਮਪੁਰਾ ਦੇ ਵਸਨੀਕ ਰਾਮ ਸਿੰਘ ਮੱਕੜ ਪੁੱਤਰ ਸਵ: ਹੁਕਮ ਸਿੰਘ ਮੱਕੜ ਮਾਰਫ਼ਤ ਰਾਮ ਕਰਿਆਨਾ ਸਟੋਰ ਆਜ਼ਾਦ ਮਾਰਕਿਟ ਕੋਟਕਪੂਰਾ ਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਬੀਤੀ ਦੇਰ ਸ਼ਾਮ ਸਦੀਵੀ ਵਿਛੋੜਾ ਦੇ ਗਏ। ਰਾਮ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਮੱਕੜ ਨੇ ਦਸਿਆ ਕਿ ਉਹ ਲਿਵਰ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਬਠਿੰਡਾ ਵਿਖੇ ਮਾਹਰ ਡਾਕਟਰਾਂ ਤੋਂ ਇਲਾਜ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਅਥਾਹ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਅੱਜ ਉਨ੍ਹਾਂ ਦੇ ਅੰਤਮ ਸਸਕਾਰ ਮੌਕੇ ਸਥਾਨਕ ਰਾਮਬਾਗ਼ ਵਿਖੇ ਸਥਿਤ ਸ਼ਮਸ਼ਾਨਘਾਟ ਵਿਚ ਭਾਰੀ ਗਿਣਤੀ ਵਿਚ ਸਿਆਸੀ ਅਤੇ ਗ਼ੈਰ ਸਿਆਸੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।