
ਕੰਨੜ ਅਦਾਕਾਰਾ ਰਾਧਿਕਾ ਸੀਸੀਬੀ ਦੇ ਸਾਹਮਣੇ ਹੋਈ ਪੇਸ਼
ਬੰਗਲੁਰੂ, 8 ਜਨਵਰੀ: ਕੰਨੜ ਫ਼ਿਲਮ ਦੀ ਅਦਾਕਾਰਾ ਰਾਧਿਕਾ ਕੁਮਾਰਸਵਾਮੀ ਸ਼ੁਕਰਵਾਰ ਨੂੰ ਇਕ ਰੀਅਲ ਅਸਟੇਟ ਕਾਰੋਬਾਰੀ ਨਾਲ ਧੋਖਾਧੜੀ ਕਰਨ ਦੇ ਦੋਸ਼ੀ ਨਾਲ ਕਥਿਤ ਤੌਰ ਉੱਤੇ 75 ਲੱਖ ਰੁਪਏ ਲੈਣ ਦੇ ਮਾਮਲੇ ਵਿਚ ਕੇਂਦਰੀ ਅਪਰਾਧ ਸ਼ਾਖਾ (ਸੀਸੀਬੀ) ਦੇ ਸਾਹਮਣੇ ਪੇਸ਼ ਹੋਈ |
ਜਦੋਂ ਪੁਲਿਸ ਨੇ ਅਦਾਕਾਰਾ ਨੂੰ ਪੇਸ਼ ਹੋਣ ਲਈ ਕਿਹਾ ਤਾਂ ਉਹ ਮੈਡੀਕੇਰੀ ਵਿਚ ਸੀ | ਪੁਲਿਸ ਸੂਤਰਾਂ ਨੇ ਦਸਿਆ ਕਿ ਰਾਧਿਕਾ ਸਵੇਰੇ 11 ਵਜੇ ਪੇਸ਼ ਹੋਈ | ਰਾਧਿਕਾ ਨੇ ਬੁਧਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੂੰ ਯੁਵਰਾਜ ਨਾਮਕ ਵਿਅਕਤੀ ਨਾਲ 15 ਲੱਖ ਰੁਪਏ ਮਿਲੇ ਸਨ, ਜਿਸ ਨੇ ਦਸਿਆ ਸੀ ਕਿ ਉਹ ਦਖਣਪੰਥੀ ਪਾਰਟੀ ਨਾਲ ਜੁੜਿਆ ਹੈ | ਰਾਧਿਕਾ ਨੇ ਕਿਹਾ ਕਿ ਉਸ ਨੇ ਇਹ ਰਕਮ ਯੁਵਰਾਜ ਤੋਂ ਇਕ ਇਤਿਹਾਸਕ ਘਟਨਾ 'ਤੇ ਆਧਾਰਤ ਫ਼ਿਲਮ ਬਣਾਉਣ ਲਈ ਪ੍ਰਾਪਤ ਕੀਤੀ ਸੀ | ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ 60 ਲੱਖ ਰੁਪਏ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ | ਰਾਧਿਕਾ ਨੇ ਕਿਹਾ ਕਿ ਜੇਕਰ ਸੀਸੀਬੀ ਸੰਮਨ ਕਰੇ ਤਾਂ ਉਹ ਜਾਂਚ ਵਿਚ ਸਹਿਯੋਗ ਕਰੇਗੀ |
ਦਸਣਯੋਗ ਹੈ ਕਿ ਸੀਸੀਬੀ ਨੇ ਪਿਛਲੇ ਸਾਲ ਦਸੰਬਰ ਵਿਚ ਯੁਵਰਾਜ ਨੂੰ ਗਿ੍ਫ਼ਤਾਰ ਕੀਤਾ ਸੀ | ਇਕ ਰੀਅਲ ਅਸਟੇਟ ਕਾਰੋਬਾਰੀ ਨੇ ਉਸ ਵਿਰੁਧ ਚੋਣ ਵਿਚ ਟਿਕਟ ਦੇਣ ਦੇ ਨਾਮ 'ਤੇ 10 ਕਰੋੜ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ | ਯੁਵਰਾਜ ਦੇ ਘਰ 'ਤੇ ਛਾਪੇਮਾਰੀ ਦੌਰਾਨ 26 ਲੱਖ ਰੁਪਏ ਨਕਦ ਅਤੇ 91 ਕਰੋੜ ਰੁਪਏ ਦਾ ਚੈੱਕ ਮਿਲਿਆ ਸੀ | (ਪੀਟੀਆਈ)