
ਕੋਵਿਡ-19 ਟੀਕੇ ਦਾ ਅਭਿਆਸ ਰਿਹਾ ਕਾਮਯਾਬ : ਬਲਬੀਰ ਸਿੰਘ ਸਿੱਧੂ
ਐਸ.ਏ.ਐਸ. ਨਗਰ, 8 ਜਨਵਰੀ (ਸੁਖਦੀਪ ਸਿੰਘ ਸੋਈ) : ਜਦੋਂ ਦੇਸ਼ ਕੋਵਿਡ -19 ਟੀਕਾਕਰਨ ਦੇ ਵਿਆਪਕ ਪ੍ਰੋਗਰਾਮ ਵਲ ਕਦਮ ਵਧ ਰਿਹਾ ਹੈ, ਪੰਜਾਬ ਟੀਕਾਕਰਨ ਦੇ ਪ੍ਰਬੰਧਨ ਲਈ ਤਿਆਰ- ਬਰ-ਤਿਆਰ ਹੈ ਅਤੇ ਜਦੋਂ ਵੀ ਵੈਕਸੀਨ ਦੀ ਸਪਲਾਈ ਪ੍ਰਾਪਤ ਹੁੰਦੀ ਹੈ ਟੀਕਾਕਰਣ ਮੁਹਿੰਮ ਸ਼ੁਰੂ ਕਰ ਦਿਤੀ ਜਾਵੇਗੀ। ਇਹ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਮੁਹਾਲੀ ਦੇ 6-ਫ਼ੇਜ਼ ਸਥਿਤ ਜ਼ਿਲ੍ਹਾ ਹਸਪਤਾਲ ਵਿਖੇ ਟੀਕਾਕਰਨ ਅਭਿਆਸ ਚਲਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਇਕ ਗ਼ੈਰ- ਰਸਮੀ ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਦਸਿਆ ਕਿ ਟੀਕਾਕਰਣ ਅਭਿਆਸ ਸੂਬਾ ਪੱਧਰ ’ਤੇ ਲੋੜੀਂਦੇ ਅਮਲੇ ਅਤੇ ਸਮੱਗਰੀ ਨਾਲ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਵਿਉਂਤਬੰਦੀਆਂ ਕਰ ਲਈਆਂ ਗਈਆਂ ਹਨ ਅਤੇ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਸਾਰੀ ਟੀਕਾਕਰਨ ਪ੍ਰਕਿਰਿਆ ਦਾ ਟ੍ਰਾਇਲ ਕੀਤਾ ਗਿਆ ਸੀ ਅਤੇ ਅਮਲੇ ਨੂੰ ਟੀਕਾਕਰਣ ਦੇ ਅਸਲ ਪ੍ਰਬੰਧਨ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾ ਦਿਤਾ ਗਿਆ ਹੈ। ਕਾਰਜਸ਼ੀਲ ਪਹਿਲੂਆਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਗਈ ਹੈ ਅਤੇ ਕੋਵਿਨ ਪੋਰਟਲ ਦੀ ਸੰਭਾਵਨਾ ਸਬੰਧੀ ਨਿਗਰਾਨੀ ਕੀਤੀ ਗਈ ਹੈ।