
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ: ਪਿ੍ਯੰਕਾ ਗਾਂਧੀ
ਜੰਤਰ-ਮੰਤਰ ਵਿਖੇ ਧਰਨੇ 'ਤੇ ਬੈਠੇ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਆਗੂਆਂ ਵਲੋਂ ਪਿ੍ਯੰਕਾ ਗਾਂਧੀ ਨਾਲ ਮੁਲਾਕਾਤ
ਨਵੀਂ ਦਿੱਲੀ, 8 ਜਨਵਰੀ : ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਇਸ ਮੁੱਦੇ ਦਾ ਹੱਲ ਹੈ, ਕਿਉਾਕਿ ਇਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ | ਉਨ੍ਹਾਂ ਇਹ ਟਿਪਣੀ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਇਕ ਮੁਲਾਕਾਤ ਦੌਰਾਨ ਕੀਤੀ ਜੋ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ਵਿਚ ਪਿਛਲੇ ਇਕ ਮਹੀਨੇ ਤੋਂ ਜੰਤਰ-ਮੰਤਰ ਵਿਖੇ ਖੁੱਲ੍ਹੇ ਆਸਮਾਨ ਹੇਠ ਧਰਨੇ 'ਤੇ ਬੈਠੇ ਹੋਏ ਹਨ | ਗੁਰਜੀਤ ਸਿੰਘ ਔਜਲਾ, ਰਵਨੀਤ ਬਿੱਟੂ, ਜਸਬੀਰ ਗਿੱਲ ਅਤੇ ਕਈ ਹੋਰ ਸੰਸਦ ਮੈਂਬਰਾਂ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰਿਹਾਇਸ਼ 12 ਤੁਗਲਕ ਲੇਨ ਪਹੁੰਚ ਕੇ ਪਿ੍ਅੰਕਾ ਨਾਲ ਮੁਲਾਕਾਤ ਕੀਤੀ | ਕਾਂਗਰਸ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਅਪਣੇ ਪਰਵਾਰ ਦੇ ਇਕ ਮੈਂਬਰ ਦੇ ਗੰਭੀਰ ਬੀਮਾਰ ਹੋਣ ਦੇ ਚਲਦਿਆਂ ਵਿਦੇਸ਼ ਵਿਚ ਹਨ | ਸੰਸਦ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਪਿ੍ਯੰਕਾ ਨੇ ਕਿਹਾ ਕਿ ਅਸੀਂ ਬਿਲਕੁਲ ਪਿਛੇ ਨਹੀਂ ਹਟਾਂਗੇ | ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ | ਹੱਲ ਇਹੀ ਹੈ ਕਿ ਕਾਨੂੰਨ ਵਾਪਸ ਲਏ ਜਾਣ | ਇਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ | ਦਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਗਾਰੰਟੀ ਦਿਤੀ ਜਾਵੇ | ਅਪਣੀਆਂ ਮੰਗਾਂ ਨੂੰ ਲੈ ਕੇ ਹਜ਼ਾਰਾਂ ਕਿਸਾਨ ਪਿਛਲੇ 40 ਦਿਨਾਂ ਤੋਂ ਦਿੱਲੀ ਨੇੜੇ ਪ੍ਰਦਰਸ਼ਨ ਕਰ ਰਹੇ ਹਨ |
ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਖੇਤੀਬਾੜੀ ਸੈਕਟਰ ਵਿਚ ਵੱਡੇ ਸੁਧਾਰਾਂ ਵਲ ਇਕ ਕਦਮ ਹਨ ਅਤੇ ਇਨ੍ਹਾਂ ਰਾਹੀਂ ਖੇਤੀਬਾੜੀ ਵਿਚੋਲਿਆਂ ਦੀ ਭੂਮਿਕਾ ਨੂੰ ਖ਼ਤਮ ਕਰ ਦੇਵੇਗੀ ਅਤੇ ਕਿਸਾਨ ਦੇਸ਼ ਵਿਚ ਕਿਤੇ ਵੀ ਅਪਣੀ ਪੈਦਾਵਾਰ ਵੇਚ ਸਕਦੇ ਹਨ | (ਪੀਟੀਆਈ)