
ਅਕਾਲੀਆਂ ਤੇ ਕਾਂਗਰਸੀਆਂ ਨੇ ਸਾਜ਼ਸ਼ ਤਹਿਤ ਗ਼ਰੀਬਾਂ ਦੇ ਬੱਚਿਆਂ ਨੂੰ ਸਿਖਿਆ ਤੋਂ ਰਖਿਆ ਵਾਂਝਾ : ਭਗਵੰਤ ਮਾਨ
ਆਖਿਆ! ਕਾਂਗਰਸੀਆਂ ਦੀ ਆਪਸੀ ਲੜਾਈ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ ਪੰਜਾਬ
ਕੋਟਕਪੂਰਾ, 8 ਜਨਵਰੀ (ਗੁਰਿੰਦਰ ਸਿੰਘ) : ਗ਼ਰੀਬਾਂ ਤੇ ਦਲਿਤਾਂ ਦੇ ਬੱਚਿਆਂ ਨੂੰ ਸਾਜਸ਼ ਤਹਿਤ ਸਿਖਿਆ ਤੋਂ ਵਾਂਝੇ ਰਖਿਆ ਗਿਆ, ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ ਹੈ ਪਰ ਇਸ ਸਮੇਂ ਪੰਜਾਬ ਦੀ ਗਰੀਬੀ, ਭੁੱਖਮਰੀ, ਮਹਿੰਗਾਈ, ਭਿ੍ਸ਼ਟਾਚਾਰ ਅਤੇ ਮਾਫ਼ੀਏ ਨੂੰ ਖ਼ਤਮ ਕਰਨ ਦੀ ਲੜਾਈ ਲੜਨ ਦੀ ਜ਼ਰੂਰਤ ਹੈ | ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ 'ਆਪ' ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਅਤੇ ਜੈਤੋ ਤੋਂ ਅਮੋਲਕ ਸਿੰਘ ਦੀ ਹਮਾਇਤ 'ਤੇ ਆਏ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕਾਂਗਰਸੀਆਂ ਦੀ ਆਪਸੀ ਲੜਾਈ ਦਾ ਖ਼ਾਮਿਆਜ਼ਾ ਪੰਜਾਬ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ |
ਲੋਕਾਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ 'ਤੇ ਅੰਕੜਿਆਂ ਸਹਿਤ ਦੋਸ਼ ਲਾਉਂਦਿਆਂ ਆਖਿਆ ਕਿ ਇਕ ਸੋਚੀ ਸਮਝੀ ਸਾਜਿਸ਼ ਤਹਿਤ ਸਰਕਾਰੀ ਸਿਖਿਆ ਵਿਵਸਥਾ ਦੀ ਹਾਲਤ ਐਨੀ ਖ਼ਰਾਬ ਕਰ ਦਿਤੀ ਕਿ ਗ਼ਰੀਬਾਂ ਤੇ ਦਲਿਤਾਂ ਦੇ ਬੱਚਿਆਂ ਨੂੰ ਸਿਖਿਆ ਅਰਥਾਤ ਗਿਆਨ ਤੋਂ ਵਾਂਝਾ ਰਖਿਆ ਜਾਵੇ | ਦਿੱਲੀ ਦੀ 'ਆਪ' ਸਰਕਾਰ ਦੇ ਸਿਖਿਆ ਅਤੇ ਸਿਹਤ ਦੇ ਖੇਤਰ ਵਿਚ ਵਰਨਣਯੋਗ ਕਾਰਜਾਂ ਦਾ ਜ਼ਿਕਰ ਕਰਦਿਆਂ ਸ. ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਚੰਗੀ ਸਿਖਿਆ ਅਤੇ ਸਿਹਤ ਵਿਵਸਥਾ ਮੁਹਈਆ ਕਰਵਾ ਕੇ ਸਾਰੇ ਲੋਕਾਂ ਨੂੰ ਇਲਾਜ ਅਤੇ ਪੜ੍ਹਾਈ ਦੇ ਮੁਫ਼ਤ ਮੌਕੇ ਪ੍ਰਦਾਨ ਕੀਤੇ ਹਨ, ਉਸੇ ਤਰ੍ਹਾਂ ਪੰਜਾਬ ਵਿਚ ਵੀ 'ਆਪ' ਸਰਕਾਰ ਸਾਰੇ ਲੋਕਾਂ ਦੇ ਮੁਫ਼ਤ ਅਤੇ ਚੰਗੇ ਇਲਾਜ ਅਤੇ ਸਿਖਿਆ ਦੀ ਗਰੰਟੀ ਲਵੇਗੀ | ਉਨ੍ਹਾਂ ਦੋਸ਼ ਲਾਇਆ ਕਿ ਅਕਾਲੀਆਂ, ਭਾਜਪਾਈਆਂ ਅਤੇ ਕਾਂਗਰਸੀਆਂ ਦੀ ਮਿਲੀਭੁਗਤ ਕਾਰਨ ਪੰਜਾਬ ਵਿਚ ਅਪਰਾਧੀਆਂ, ਗੁੰਡਿਆਂ, ਮਾਫ਼ੀਆਵਾਂ ਅਤੇ ਤਸਕਰਾਂ ਦਾ ਰਾਜ ਚਲ ਰਿਹਾ ਹੈ | ਜਿਸ ਦਾ ਖ਼ਾਮਿਆਜ਼ਾ ਪੰਜਾਬ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਔਰਤਾਂ ਨਾਲ ਕੀਤੇ ਵਾਅਦਿਆਂ ਦਾ ਮਖੌਲ ਉਡਾਉਂਦਿਆਂ ਆਖਿਆ ਕਿ ਪਹਿਲਾਂ ਇਹੀ ਨਵਜੋਤ ਸਿੱਧੂ ਕੇਜਰੀਵਾਲ ਦੇ ਵਾਅਦਿਆਂ 'ਤੇ ਇਤਰਾਜ ਕਰਦਾ ਹੁੰਦਾ ਸੀ | ਉਨ੍ਹਾਂ ਆਖਿਆ ਕਿ ਜੇਕਰ ਕਾਂਗਰਸ ਅਤੇ ਅਕਾਲੀ ਦਲ ਬਾਦਲ ਪਹਿਲਾਂ ਘਰ-ਘਰ ਨੌਕਰੀ, ਪੰਜ-ਪੰਜ ਮਰਲੇ ਦੇ ਪਲਾਟ, ਕੱਚਿਆਂ ਨੂੰ ਪੱਕੇ ਕਰਨ, ਬੇਰੁਜ਼ਗਾਰਾਂ ਨੂੰ ਭੱਤਾ, ਸਮਾਰਟ ਫ਼ੋਨ, ਕਰਜ਼ੇ ਮਾਫ਼ ਵਰਗੇ ਵਾਅਦੇ ਪੂਰੇ ਕਰਨ ਤੋਂ ਅਸਮਰਥ ਰਹੇ ਹਨ ਤਾਂ ਹੁਣ ਉਨ੍ਹਾਂ ਨੂੰ ਝੂਠੇ ਵਾਅਦੇ ਕਰਨ ਦਾ ਕੋਈ ਅਧਿਕਾਰ ਨਹੀਂ | ਇਸ ਮੌਕੇ ਕੁਲਤਾਰ ਸਿੰਘ ਸੰਧਵਾਂ, ਅਮੋਲਕ ਸਿੰਘ ਜੈਤੋ, ਪੋ੍ਰ. ਸਾਧੂ ਸਿੰਘ, ਗੁਰਦਿੱਤ ਸਿੰਘ ਸੇਖੋਂ ਆਦਿ ਨੇ ਵੀ ਸੰਬੋਧਨ ਕੀਤਾ |
ਫੋਟੋ :- ਕੇ.ਕੇ.ਪੀ.-ਗੁਰਿੰਦਰ-8-3ਸੀ