
ਵੀ.ਕੇ. ਭਾਵਰਾ ਬਣੇ ਪੰਜਾਬ ਦੇ ਨਵੇਂ ਡੀਜੀਪੀ
ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਲਾਗੂ ਹੋਣ ਦੇ ਕੁੱਝ ਘੰਟੇ ਪਹਿਲਾਂ ਕੀਤੀ ਨਿਯੁਕਤੀ
ਚੰਡੀਗੜ੍ਹ, 8 ਜਨਵਰੀ (ਸ.ਸ.ਸ.) : ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਕੁੱਝ ਹੀ ਘੰਟੇ ਪਹਿਲਾਂ 1987 ਬੈਚ ਦੇ ਸੀਨੀਅਰ ਆਈ.ਪੀ.ਐਸ. ਅਫ਼ਸਰ ਵੀ.ਕੇ. ਭਾਵਰਾ ਨੂੰ ਸੂਬੇ ਦਾ ਨਵਾਂ ਸਥਾਈ ਡੀ.ਜੀ.ਪੀ. ਲਗਾ ਦਿਤਾ ਹੈ | ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਸਮੇਂ ਸੁਰਖਿਆ ਚੂਕ ਦੇ ਮਾਮਲੇ 'ਚ ਘਿਰੇ ਐਸ. ਚਟੋਪਾਧਿਆਏ ਨੂੰ ਡੀ.ਜੀ.ਪੀ. ਦੇ ਅਹੁਦੇ ਤੋਂ ਫਾਰਗ ਕਰ ਦਿਤਾ ਗਿਆ ਹੈ | ਉਨ੍ਹਾਂ ਕੋਲ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਹਟਾਏ ਜਾਣ ਬਾਅਦ ਡੀ.ਜੀ.ਪੀ. ਦਾ ਐਡੀਸ਼ਨਲ ਚਾਰਜ ਸੀ | ਪੰਜਾਬ ਸਰਕਾਰ ਵਲੋਂ ਭੇਜੇ ਗਏ 10 ਨਾਵਾਂ ਦੇ ਪੈਨਲ 'ਚੋਂ ਚੋਣ ਕਰ ਕੇ ਸਥਾਈ ਡੀ.ਜੀ.ਪੀ. ਦੀ ਨਿਯੁਕਤੀ ਲਈ ਯੂ.ਪੀ.ਐਸ.ਸੀ. ਨੇ ਤਿੰਨ ਨਾਂ ਭੇਜੇ ਸਨ | ਇਨ੍ਹਾਂ 'ਚ ਦਿਨਕਰ ਗੁਪਤਾ, ਪ੍ਰਬੋਧ ਕੁਮਾਰ ਤੇ ਵੀ.ਕੇ. ਭਾਵਰਾ ਦੇ ਨਾਂ ਸ਼ਾਮਲ ਸਨ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਵਿਚਾਰ ਵਟਾਂਦਰਾ ਕਰਨ ਬਾਅਦ ਭਾਵਰਾ ਦੇ ਨਾਂ ਦੀ ਚੋਣ ਕੀਤੀ | ਭਾਵਰਾ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਚੋਣ ਕਮਿਸ਼ਨ ਨਾਲ ਪੰਜਾਬ 'ਚ ਨੋਡਲ ਅਫ਼ਸਰ ਵਜੋਂ ਕੰਮ ਕਰ ਚੁੱਕੇ ਹਨ |
ਡੀਜੀਪੀ ਵੀਰੇਸ਼ ਭਾਵਰਾ ਨੇ ਨਿਯੁਕਤੀ ਤੋਂ ਬਾਅਦ ਕਿਹਾ ਕਿ ਨਿਰਵਿਘਨ ਤੇ ਸੁਚਾਰੂ ਰੂਪ 'ਚ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦਾ ਧਿਆਨ ਸੂਬੇ ਵਿਚੋਂ ਨਸ਼ਾਖੋਰੀ ਅਤੇ ਅਤਿਵਾਦ ਨੂੰ ਠੱਲ੍ਹ ਪਾਉਣ 'ਤੇ ਹੋਵੇਗਾ | ਉਨ੍ਹਾਂ ਅੱਗੇ ਕਿਹਾ ਕਿ ਲੋਕ ਕੇਂਦਰਤ ਪੁਲਿਸ ਸੇਵਾਵਾਂ ਅਤੇ ਪਬਲਿਕ ਸਰਵਿਸ ਡਿਲੀਵਰੀ ਪ੍ਰਮੁੱਖ ਤਰਜੀਹਾਂ ਵਿਚ ਸ਼ਾਮਲ ਹਨ |