
5 ਰਾਜਾਂ ਵਿਚ ਚੋਣ ਤਰੀਕਾਂ ਦਾ ਐਲਾਨ, 7 ਗੇੜਾਂ 'ਚ ਹੋਣਗੀਆਂ ਵਿਧਾਨ ਸਭਾ ਚੋਣਾਂ
ਪੰਜਾਬ ਵਿਚ 14 ਫ਼ਰਵਰੀ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ, 8 ਜਨਵਰੀ : ਚੋਣ ਕਮਿਸ਼ਨ ਨੇ ਸਨਿਚਰਵਾਰ ਨੂੰ ਪੰਜਾਬ ਸਮੇਤ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਹੈ | ਸਾਰੇ ਸੂਬਿਆਂ 'ਚ 7 ਗੇੜਾਂ 'ਚ ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਵੇਗੀ | ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਅਧੀਨ 10 ਫ਼ਰਵਰੀ ਤੋਂ ਲੈ ਕੇ 7 ਮਾਰਚ ਤਕ 7 ਗੇੜਾਂ 'ਚ ਵੋਟਿੰਗ ਹੋਵੇਗੀ | ਉੱਥੇ ਹੀ ਪੰਜਾਬ, ਉਤਰਾਖੰਡ ਅਤੇ ਗੋਆ 'ਚ 14 ਫ਼ਰਵਰੀ ਨੂੰ ਇਕ ਗੇੜ 'ਚ ਵੋਟਾਂ ਪਾਈਆਂ ਜਾਣਗੀਆਂ | ਮਣੀਪੁਰ 'ਚ 2 ਗੇੜਾਂ 27 ਫ਼ਰਵਰੀ ਅਤੇ ਤਿੰਨ ਮਾਰਚ ਨੂੰ ਵੋਟਿੰਗ ਹੋਵੇਗੀ | ਸਾਰੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ |
ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਇਕ ਪੱਤਰਕਾਰ ਸੰਮੇਲਨ 'ਚ ਚੋਣਾਂ ਸਬੰਧੀ ਤਾਰੀਖ਼ਾਂ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਸਾਰੇ ਵੋਟਿੰਗ ਕੇਂਦਰਾਂ 'ਤੇ ਸੈਨੇਟਾਈਜ਼ਰ ਅਤੇ ਮਾਸਕ ਵਰਗੀਆਂ ਕੋਰੋਨਾ ਤੋਂ ਬਚਾਅ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਵੋਟਿੰਗ ਕੇਂਦਰਾਂ ਦੀ ਗਿਣਤੀ ਵੀ ਵਧਾਈ ਜਾਵੇਗੀ |
ਉਨ੍ਹਾਂ ਕਿਹਾ ਕਿ ਚੋਣਾਂ 'ਚ ਸੁਰੱਖਿਆ ਲਈ ਸੀਏਪੀਐਫ਼ ਦੇ ਲਗਭਗ 50 ਹਜ਼ਾਰ ਜਵਾਨਾਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ | ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਉਤਰ ਪ੍ਰਦੇਸ਼ ਭੇਜਿਆ ਜਾ ਰਿਹਾ ਹੈ |
ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 15 ਜਨਵਰੀ ਤਕ ਕੋਈ ਵੀ ਰੋਡ ਸ਼ੋਅ, ਰੈਲੀ, ਯਾਤਰਾ, ਸਾਈਕਲ ਅਤੇ ਸਕੂਟਰ ਰੈਲੀ ਦੀ ਇਜਾਜ਼ਤ ਨਹੀਂ ਹੋਵੇਗੀ | ਰਾਤ ਅੱਠ ਵਜੇ ਤੋਂ ਸਵੇਰੇ ਅੱਠ ਵਜੇ ਤਕ ਕੈਂਪੇਨ ਕਰਫ਼ਿਊ ਲਾਇਆ ਗਿਆ ਹੈ ਜਿਸ ਵਿਚ ਕਿਸੇ ਤਰ੍ਹਾਂ ਦੀ ਚੋਣ ਸਰਗਰਮੀ ਨਹੀਂ ਹੋ ਸਕੇਗੀ | ਵਰਚੁਅਲ ਰੈਲੀ ਰਾਹੀਂ ਹੀ ਚੋਣ ਪ੍ਰਚਾਰ ਦੀ ਇਜਾਜ਼ਤ ਦਿਤੀ ਜਾਵੇਗੀ | ਜਿੱਤ ਤੋਂ ਬਾਅਦ ਕੋਈ ਜਲੂਸ ਨਹੀਂ ਕਢਿਆ ਜਾਵੇਗਾ | ਘਰ-ਘਰ ਪ੍ਰਚਾਰ ਕਰਨ ਲਈ ਸਿਰਫ਼ 5 ਲੋਕ ਹੀ ਜਾ ਸਕਦੇ ਹਨ | 15 ਜਨਵਰੀ ਤੋਂ ਬਾਅਦ ਚੋਣ ਕਮਿਸ਼ਨ ਸਥਿਤੀ ਦਾ ਜਾਇਜ਼ਾ ਲੈ ਕੇ ਕੋਈ ਫ਼ੈਸਲਾ ਲਵੇਗਾ |
ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਦਾ ਕਾਰਜਕਾਲ 14 ਮਈ ਨੂੰ ਪੂਰਾ ਹੋ ਰਿਹਾ ਹੈ, ਜਦੋਂ ਕਿ ਉਤਰਾਖੰਡ ਅਤੇ ਪੰਜਾਬ 'ਚ ਵਿਧਾਨ ਸਭਾ ਦਾ ਕਾਰਜਕਾਲ 23 ਮਾਰਚ ਨੂੰ ਖ਼ਤਮ ਹੋ ਰਿਹਾ ਹੈ | ਗੋਆ ਵਿਧਾਨ ਸਭਾ ਦਾ ਕਾਰਜਕਾਲ 15 ਮਾਰਚ ਅਤੇ ਮਣੀਪੁਰ 'ਚ ਕਾਰਜਕਾਲ 19 ਮਾਰਚ ਨੂੰ ਖ਼ਤਮ ਹੋ ਰਿਹਾ ਹੈ | ਚੋਣਾਂ ਦੇ ਐਲਾਨ ਦੇ ਨਾਲ ਹੀ ਸਾਰੇ 5 ਸੂਬਿਆਂ 'ਚ ਚੋਣ ਜਾਬਤਾ ਲਾਗੂ ਹੋ ਗਿਆ ਹੈ | ਦੱਸਣਯੋਗ ਹੈ ਕਿ ਗੋਆ 'ਚ ਵਿਧਾਨ ਸਭਾ ਦੀਆਂ 40 ਸੀਟਾਂ ਹਨ, ਜਦੋਂ ਕਿ ਪੰਜਾਬ 'ਚ 117, ਮਣੀਪੁਰ 'ਚ 60 ਅਤੇ ਉਤਰਾਖੰਡ 'ਚ ਵਿਧਾਨ ਸਭਾ ਦੇ 71 ਚੋਣ ਖੇਤਰ ਹਨ | ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਦੀਆਂ 403 ਸੀਟਾਂ ਹਨ | ਚੋਣ ਕਮਿਸ਼ਨ ਇਨ੍ਹਾਂ ਸੂਬਿਆਂ 'ਚ ਚੋਣਾਂ ਦੀ ਤਿਆਰੀ ਦੇ ਸਿਲਸਿਲੇ 'ਚ ਪਿਛਲੇ ਕਈ ਦਿਨਾਂ ਤੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਅਤੇ ਸਿਆਸੀ ਦਲਾਂ ਦੇ ਪ੍ਰਤੀਨਿਧੀਆਂ ਨਾਲ ਵਿਚਾਰ ਵਟਾਂਦਰੇ ਦੀ ਪ੍ਰਕਿਰਿਆ ਪੂਰੀ ਕਰ ਚੁਕਿਆ ਹੈ | ਇਨ੍ਹਾਂ ਸੂਬਿਆਂ ਦੀ ਵੋਟਰ ਸੂਚੀ ਦੀ ਸਮੀਖਿਆ ਵੀ ਹੋ ਚੁਕੀ ਹੈ | ਕਮਿਸ਼ਨ ਨੇ ਸੂਬਿਆਂ ਤੋਂ ਚੋਣ ਡਿਊਟੀ 'ਤੇ ਲਗਾਏ ਜਾਣ ਵਾਲੇ ਕਰਮੀਆਂ ਦੇ ਪੂਰਨ ਟੀਕਾਕਰਨ 'ਤੇ ਜੋਰ ਦਿਤਾ ਹੈ |