
ਚੰਡੀਗੜ੍ਹ ਮੇਅਰ ਦੀ ਚੋਣ ਵਿਚ ਭਾਜਪਾ ਨੇ ਕੀਤੀ ਲੋਕਤੰਤਰ ਦੀ ਹਤਿਆ : ਜਰਨੈਲ ਸਿੰਘ
ਭਾਜਪਾ-ਕਾਂਗਰਸ ਵਿਚਾਲੇ 'ਗੁਪਤ ਸਮਝੌਤਾ', ਭਾਜਪਾ ਦਾ ਮੇਅਰ ਬਣਾਉਣ ਲਈ ਜਾਣ-ਬੁੱਝ ਕੇ ਵੋਟਿੰਗ ਤੋਂ ਦੂਰ ਰਹੇ ਕਾਂਗਰਸੀ ਕੌਂਸਲਰ : ਰਾਘਵ ਚੱਢਾ
ਚੰਡੀਗੜ੍ਹ, 8 ਜਨਵਰੀ (ਨਰਿੰਦਰ ਸਿੰਘ ਝਾਮਪੁਰ): ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਅਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਭਾਜਪਾ 'ਤੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿਚ ਲੋਕਤੰਤਰ ਦੀ ਹਤਿਆ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸੱਭ ਤੋਂ ਵੱਧ 14 ਸੀਟਾਂ 'ਤੇ ਜੇਤੂ ਬਣਾਇਆ ਸੀ | ਮੇਅਰ ਦੀ ਚੋਣ ਵਿਚ 'ਆਪ' ਦੀ ਜਿੱਤ ਯਕੀਨੀ ਸੀ, ਪਰ ਭਾਜਪਾ ਨੇ ਜਾਣ-ਬੁੱਝ ਕੇ ਜਨਤਾ ਦੇ 'ਫ਼ਤਵੇ' ਦਾ ਅਪਮਾਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਇਕ ਵੋਟ ਰੱਦ ਕਰਵਾ ਕੇ ਧੱਕੇ ਨਾਲ ਅਪਣਾ ਮੇਅਰ ਐਲਾਨ ਦਿਤਾ |
ਅੱਜ ਇਥੇ ਪਾਰਟੀ ਹੈੱਡਕੁਆਰਟਰ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਲਈ ਹੋਈਆਂ ਚੋਣਾਂ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਮੇਅਰ ਚੋਣਾਂ ਵਿਚ 'ਆਪ' ਨੂੰ ਹਰਾਉਣ ਲਈ ਭਾਜਪਾ ਅਤੇ ਕਾਂਗਰਸ ਵਿਚਾਲੇ ਅੰਦਰੂਨੀ ਸਮਝੌਤਾ ਹੋਇਆ ਹੈ | ਨਿਗਮ ਚੋਣਾਂ ਵਿਚ ਸਿਰਫ਼ 12 ਸੀਟਾਂ ਜਿੱਤਣ ਤੋਂ ਬਾਅਦ ਭਾਜਪਾ ਨੇ ਕਾਂਗਰਸ ਪਾਰਟੀ ਦੇ ਇਕ ਕੌਂਸਲਰ ਨੂੰ ਪਾਰਟੀ ਵਿਚ ਸ਼ਾਮਲ ਕਰ ਲਿਆ | ਸੰਸਦ ਮੈਂਬਰ ਦੀ ਇਕ ਵੋਟ ਸ਼ਾਮਲ ਕਰ ਕੇ ਭਾਜਪਾ ਦੀ ਵੋਟ ਦਾ ਅੰਕੜਾ 14 ਤਕ ਪਹੁੰਚ ਗਿਆ ਅਤੇ ਇਨ੍ਹਾਂ 14 ਵੋਟਾਂ ਨਾਲ 'ਆਪ' ਦੀਆਂ 14 ਵੋਟਾਂ ਦੀ ਬਰਾਬਰੀ ਕਰ ਲਈ | ਪਰ ਭਾਜਪਾ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜ਼ਬਰਦਸਤੀ ਅਪਣੇ ਉਮੀਦਵਾਰ ਨੂੰ ਮੇਅਰ ਬਣਾ ਦਿਤਾ |
ਇਸ ਮੌਕੇ 'ਆਪ' ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅੱਜ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੇ ਮੇਅਰ ਦੀ ਚੋਣ ਭਾਜਪਾ ਅਤੇ ਕਾਂਗਰਸ ਦੇ 'ਗੁਪਤ ਗਠਜੋੜ' ਦੇ ਆਧਾਰ 'ਤੇ ਲੜੀ ਸੀ | ਦੋਹਾਂ ਪਾਰਟੀਆਂ ਨੇ 'ਆਪ' ਨੂੰ ਮੇਅਰ ਦੀ ਦੌੜ ਵਿਚੋਂ ਬਾਹਰ ਰੱਖਣ ਲਈ 'ਗੁਪਤ ਸਮਝੌਤਾ' ਕੀਤਾ ਅਤੇ ਜਾਣ-ਬੁੱਝ ਕੇ 'ਆਪ' ਦੇ ਇਕ ਕੌਂਸਲਰ ਦੀ ਵੋਟ ਰੱਦ ਕਰਵਾ ਕੇ ਭਾਜਪਾ ਨੇ ਅਪਣਾ ਮੇਅਰ ਬਣਾ ਦਿਤਾ | ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੂੰ 'ਆਪ' ਦਾ ਮੇਅਰ ਬਣਨਾ ਬਰਦਾਸ਼ਤ ਨਹੀਂ ਸੀ | ਇਸੇ ਲਈ 'ਗੁਪਤ ਸਮਝੌਤੇ' ਤਹਿਤ ਕਾਂਗਰਸ ਨੂੰ ਮੇਅਰ ਚੋਣਾਂ ਵਿਚ ਹਿੱਸਾ ਨਹੀਂ ਲੈਣ ਦਿਤਾ ਗਿਆ | ਉਨ੍ਹਾਂ ਦੋਸ਼ ਲਾਇਆ ਕਿ 'ਆਪ' ਕੌਂਸਲਰਾਂ ਨੂੰ ਇਤਰਾਜ਼ ਉਠਾਉਣ ਲਈ ਬੋਲਣ ਤਕ ਨਹੀਂ ਦਿਤਾ ਗਿਆ | ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਸ ਵਿਅਕਤੀ ਨੂੰ ਮੇਅਰ ਦੀ ਚੋਣ ਲਈ ਪ੍ਰੀਜਾਈਡਿੰਗ ਅਫ਼ਸਰ ਬਣਾਇਆ ਗਿਆ ਸੀ, ਉਹ ਭਾਜਪਾ ਦਾ ਹੀ ਕੌਂਸਲਰ ਸੀ | ਇਸ ਨਾਲ ਹੀ ਮੇਅਰ ਦੀ ਚੋਣ ਦੀ ਨਿਗਰਾਨੀ ਕਰ ਰਹੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੀ ਭਾਜਪਾ ਨੂੰ ਮੇਅਰ ਬਣਾਉਣ ਲਈ ਪੂਰੀ ਵਾਹ ਲਾ ਰਹੇ ਸਨ ਅਤੇ ਭਾਜਪਾ ਦੀ ਮਦਦ ਕਰ ਰਹੇ ਸਨ | 'ਆਪ' ਆਗੂਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਸਿਆਸੀ ਪਾਰਟੀਆਂ 'ਆਪ' ਨੂੰ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਰੋਕਣ ਲਈ ਇਸੇ ਤਰ੍ਹਾਂ ਦਾ 'ਗੁਪਤ ਸਮਝੌਤਾ' ਕਰ ਸਕਦੀਆਂ ਹਨ |