
ਬੰਦੂਕ ਦੀ ਨੋਕ 'ਤੇ ਕਾਰ ਲੁੱਟਣ ਵਾਲਿਆਂ ਨੇ ਕੀਤਾ ਪੁਲਿਸ ਮੁਲਾਜ਼ਮ ਦਾ ਕਤਲ
ਕਾਰ ਲੁੱਟ ਕੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰਦਿਆਂ ਲੁਟੇਰਿਆਂ ਨੇ ਚਲਾਈਆਂ ਗੋਲੀਆਂ
ਗੋਲੀ ਲੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ
ਫ਼ਗਵਾੜਾ : ਇਥੇ ਫ਼ਗਵਾੜਾ ਸ਼ਹਿਰ ਵਿਚ ਥਾਣਾ ਐਸ.ਐਚ.ਓ. ਅਮਨਦੀਪ ਸਿੰਘ ਨਾਹਰ ਦੇ ਗੰਨਮੈਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸ਼ਹੀਦ ਪੁਲਿਸ ਮੁਲਾਜ਼ਮ ਕਮਲਦੀਪ ਸਿੰਘ ਬਾਜਵਾ ਉਰਫ ਕਮਲ ਬਾਜਵਾ ਫਗਵਾੜਾ ਠਾਣੇ ਵਿਚ ਤੈਨਾਤ ਸਨ।
ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਲੁੱਟ ਕੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰਨ ਦੌਰਾਨ ਇਹ ਵਾਰਦਾਤ ਵਾਪਰੀ ਹੈ। ਲੁਟੇਰਿਆਂ ਨੇ ਪੁਲਿਸ ਮੁਲਾਜ਼ਮ 'ਤੇ ਗੋਲੀਆਂ ਚਲਾ ਦਿਤੀਆਂ ਜਿਸ ਕਾਰਨ ਮੁਲਾਜ਼ਮ ਕਮਲਦੀਪ ਬਾਜਵਾ ਸ਼ਹੀਦ ਹੋ ਗਏ ਹਨ। ਸ਼ਹੀਦ ਮੁਲਾਜ਼ਮ ਦੀ ਮੌਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਲਈ ਇੱਕ ਕਰੋੜ ਰੁਪਏ ਐਕਸ ਗਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਦੱਸ ਦੇਈਏ ਕਿ ਇਸ ਤੋਂ ਇਲਾਵਾ ਐਚ.ਡੀ.ਐਫ.ਸੀ. ਬੈਂਕ ਵਲੋਂ ਵੀ ਇੱਕ ਕਰੋੜ ਰੁਪਏ ਦੀ ਇੰਸ਼ੋਰੈਂਸ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ।