
ਔਰਤਾਂ ਨੂੰ ਘਰ ਨੇੜੇ ਰੁਜ਼ਗਾਰ ਦਿਵਾਉਣਾ ਹੈ ਪੰਜਾਬ ਸਰਕਾਰ ਦਾ ਅਗਲਾ ਟੀਚਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਜਿੱਥੇ ਸੂਬੇ ਅਤੇ ਇੱਥੋਂ ਦੇ ਲੋਕਾਂ ਦਾ ਵਿਕਾਸ ਕਰਨਾ ਹੈ, ਉੱਥੇ ਹੀ ਸੂਬੇ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਵੱਧ ਤੋਂ ਵੱਧ ਅੱਗੇ ਆਉਣ ਲਈ ਉਤਸ਼ਾਹਿਤ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ। ਜਦੋਂ ਤੋਂ ਭਗਵੰਤ ਸਿੰਘ ਮਾਨ ਸਰਕਾਰ ਬਣੀ ਹੈ ਉਦੋਂ ਤੋਂ ਹੀ ਔਰਤਾਂ ਦੀ ਭਲਾਈ ਲਈ ਨਵੇਂ ਤੋਂ ਨਵਾਂ ਉਪਰਾਲਾ ਕਰ ਰਹੀ ਹੈ। ਹੁਣ ਪੰਜਾਬ ਸਰਕਾਰ ਨੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਉਨ੍ਹਾਂ ਨੂੰ ਰੁਜ਼ਗਾਰ ’ਤੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਮਕਸਦ ਨਾਲ ਹੁਣ ਪੂਰੇ ਸੂਬੇ ਅੰਦਰ ਰੁਜ਼ਗਾਰ ਕੈਂਪ ਲਗਾਏ ਜਾ ਰਹੇ ਹਨ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲੜਕੀਆਂ/ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਵਿਸ਼ੇਸ਼ ਕੈਂਪ ਵਿਚ ਲੜਕੀਆਂ ਦੀ ਕੰਪਨੀਆਂ ਵਲੋਂ ਇੰਟਰਵਿਊ ਲਈ ਜਾਂਦੀ ਹੈ ਉਨ੍ਹਾਂ ਨੂੰ ਮੌਕੇ ’ਤੇ ਹੀ ਘਰਾਂ ਨੇੜੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ 22 ਡਾਕਟਰਾਂ ਦੀ ਟੀਮ ਮੌਕੇ ’ਤੇ ਮੌਜੂਦ ਲੜਕੀਆਂ/ਔਰਤਾਂ ਦੀ ਮੁਫਤ ਸਿਹਤ ਜਾਂਚ ਵੀ ਕਰਦੀ ਹੈ।
ਇਸ ਤੋਂ ਇਲਾਵਾ ਪੰਜਾਬ ’ਚ ਰੇਸ਼ਮ ਦੇ ਕਿੱਤੇ ਨਾਲ ਸਬੰਧਤ ਰੇਸ਼ਮ ਕੀਟ ਪਾਲਕਾਂ ਅਤੇ ਰੇਸ਼ਮ ਦੇ ਕਾਰੀਗਰਾਂ, ਸੈਲਫ ਹੈਲਪ ਗਰੁੱਪਾਂ ਅਤੇ ਵਿਸ਼ੇਸ਼ ਤੌਰ ’ਤੇ ਔਰਤਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ 4 ਦਸੰਬਰ ਤੋਂ 9 ਦਸੰਬਰ 2024 ਤਕ ਕਿਸਾਨ ਭਵਨ ਸੈਕਟਰ-35, ਚੰਡੀਗੜ੍ਹ ਵਿਖੇ ‘ਸਿਲਕ ਐਕਸਪੋ-2024’ ਕੀਤਾ ਗਿਆ। ਪੰਜਾਬ ਦੀ ਮਾਨ ਸਰਕਾਰ ਵਲੋਂ ਗਰਭਵਤੀ ਔਰਤਾਂ ਲਈ ਵੀ ਵੱਡਾ ਐਲਾਨ ਕੀਤਾ ਗਿਆ ਹੈ। ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਲਗਭਗ 70,000 ਲਾਭਪਾਤਰੀਆਂ ਨੂੰ 28 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਹੁਕਮ ਦਿਤੇ ਗਏ ਹਨ।
ਇਹੀ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਅਪਣੇ 32 ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ਦੀਆਂ ਔਰਤਾਂ ਨੂੰ ਹੁਣ ਤਕ 1548 ਕਰੋੜ ਰੁਪਏ ਤੋਂ ਵੱਧ ਦਾ ਮੁਫ਼ਤ ਬਸ ਸਫ਼ਰ ਮੁਹਈਆ ਕਰਵਾ ਚੁਕੀ ਹੈ। ਇਹ ਰਕਮ ਪੰਜਾਬ ਰੋਡਵੇਜ਼/ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ ਬਸਾਂ ’ਚ ਔਰਤਾਂ ਦੇ ਸਫ਼ਰ ਲਈ ਖ਼ਰਚ ਕੀਤੀ ਗਈ ਹੈ। ਹੁਣ ਤਕ ਔਰਤਾਂ ਨੂੰ 32.46 ਕਰੋੜ ਸਫ਼ਰਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਪੰਜਾਬ ਭਰ ਦੀਆਂ ਔਰਤਾਂ ਨੂੰ ਸਮਰੱਥ ਬਣਾਉਣ ਦੇ ਮੌਕਿਆਂ ਤਕ ਉਨ੍ਹਾਂ ਦੀ ਪਹੁੰਚ ਬਣਾਉਣ ਦੀ ਦਿਸ਼ਾ ’ਚ ਅਹਿਮ ਵਿਸਥਾਰ ਹੋਇਆ ਹੈ।
ਪੰਜਾਬ ਸਰਕਾਰ ਸੂਬੇ ਵਿਚ ਖਾਸ ਤੌਰ ’ਤੇ ਮੋਹਾਲੀ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿਚ ਵਧੇਰੇ ਵਰਕਿੰਗ ਵੂਮੈਨ ਹੋਸਟਲ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਔਰਤਾਂ ਨੂੰ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਇਕ ਸੁਰੱਖਿਅਤ ਅਤੇ ਸਹਾਇਕ ਮਾਹੌਲ ਯਕੀਨੀ ਬਣਾਇਆ ਜਾ ਸਕੇ। ਇਕ ਨਵੀਂ ਪਹਿਲ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੱਛੇ ਜਿਹੇ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਗਿਆ ਕਿ ਫਾਇਰ ਬ੍ਰਿਗੇਡ ਵਿਭਾਗ ਵਿਚ ਕੁੜੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਵਿਚ ਫਾਇਰ ਬ੍ਰਿਗੇਡ ‘ਚ ਕੁੜੀਆਂ ਨਹੀਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਫਾਇਰ ਬ੍ਰਿਗੇਡ ’ਚ ਕੁੜੀਆਂ ਦੀ ਭਰਤੀ ਲਈ ਨਿਯਮ ਬਦਲੇ ਜਾ ਰਹੇ ਹਨ। ਦੱਸ ਦੇਈਏ ਕਿ ਫਾਇਰ ਸੇਫ਼ਟੀ ਅਤੇ ਐਮਰਜੇਂਸੀ ਸਰਵਿਸ ਬਿਲ ਵਿਧਾਨ ਸਭਾ ’ਚ ਪਾਸ ਹੋ ਗਿਆ ਹੈ। ਫਾਇਰ ਵਿਭਾਗ ਦੀ ਭਰਤੀ ਵਿਚ ਔਰਤਾਂ ਨੂੰ ਛੋਟ ਦੀ ਤਜਵੀਜ਼ ਰੱਖੀ ਗਈ ਹੈ। ਹੁਣ ਇਸ ਨੌਕਰੀ ਲਈ ਕੁੜੀਆਂ ਦਾ ਭਾਰ 60 ਤੋਂ ਘਟਾ ਕੇ 40 ਕੀਤਾ ਜਾ ਰਿਹਾ ਹੈ।