
Moga Kisan Mahapanchaya: ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਵੇਗਾ
Punjab Moga kisan mahapanchayat News: ਮੋਗਾ ਵਿਚ ਸੰਯੁਕਤ ਕਿਸਾਨ ਮੋਰਚਾ ਮਹਾਪੰਚਾਇਤ ਵਿਚ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਕਿਸਾਨ ਆਗੂ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਹੋਣ ਵਾਲੇ ਮੋਰਚੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗਾ। ਇਸ ਦੇ ਨਾਲ ਹੀ ਏਕਤਾ ਮਤਾ ਪਾਸ ਕੀਤਾ ਗਿਆ। 6 ਮੈਂਬਰੀ ਤਾਲਮੇਲ ਕਮੇਟੀ ਇਸ ਮਤੇ ਨੂੰ ਲੈ ਕੇ ਭਲਕੇ ਖਨੌਰੀ ਜਾਵੇਗੀ। ਇਸ ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਵੇਗਾ।
ਇਸ ਤੋਂ ਇਲਾਵਾ 13 ਜਨਵਰੀ ਨੂੰ ਤਹਿਸੀਲ ਪੱਧਰ ’ਤੇ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਦੇ ਨਾਲ ਹੀ 26 ਜਨਵਰੀ ਨੂੰ ਟਰੈਕਟਰ ਮਾਰਚ ਵੀ ਕੱਢਿਆ ਜਾਵੇਗਾ। ਉਧਰ, ਆਗੂਆਂ ਨੇ ਕਿਹਾ ਕਿ ਜੇਕਰ ਸਹਿਮਤੀ ਬਣੀ ਤਾਂ ਇਹ ਪ੍ਰੋਗਰਾਮ ਸਮੂਹਿਕ ਤੌਰ ’ਤੇ ਵੀ ਕੀਤਾ ਜਾ ਸਕਦਾ ਹੈ।
ਹਾਲਾਂਕਿ ਅੰਦੋਲਨ ਵਿੱਚ ਸ਼ਾਮਲ ਹੋਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਐਲਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤਾ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਸਿੰਘ ਟਿਕੈਤ ਵੀ ਮੌਜੂਦ ਸਨ।
ਕਿਸਾਨ ਆਗੂ ਰਾਕੇਸ਼ ਟਿਕੈਤ
ਮਹਾਪੰਚਾਇਤ ਵਿਚ ਬੋਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਅਗਰ ਇੱਕ ਹੋ ਜਾਣ ਤਾਂ ਦੇਸ਼ ਦੇ ਕਿਸਾਨ ਇੱਕ ਹੋ ਜਾਣਗੇ। ਇਹ ਲੜਾਈ ਪੰਜਾਬ ਦੀ ਧਰਤੀ ਤੋਂ ਅੱਗੇ ਜਾਣੀ ਚਾਹੀਦੀ ਹੈ। ਇਹ ਲੜਾਈ ਲੰਬੀ ਚਲੇਗੀ ਤੇ ਜਿੱਤੀ ਵੀ ਜਾਵੇਗੀ। ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਹੋਏ ਹਨ ਭਾਰਤ ਸਰਕਾਰ ਕਿਸਾਨਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਹੀ। 6 ਮੈਂਬਰੀ ਤਾਲਮੇਲ ਕਮੇਟੀ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰਨ ਜਾਵੇਗੀ। ਅੱਗੇ ਜੋ ਵੀ ਰਣਨੀਤੀ ਹੋਵੇਗੀ ਉਸ ਵਿੱਚ ਅਸੀਂ ਸਾਥ ਦੇਵਾਂਗੇ।