ਮ੍ਰਿਤਕ ਨੌਜਵਾਨ ਦਾ ਦੋਸਤ ਅਤੇ ਉਸ ਦੀ ਪਤਨੀ ਗ੍ਰਿਫ਼ਤਾਰ
ਲੁਧਿਆਣਾ: ਲੁਧਿਆਣਾ ਦੇ ਗੁਰੂ ਹਰ ਰਾਏ ਨਗਰ ਵਿਚ ਖਾਲੀ ਪਲਾਟ ਵਿਚ ਕਈ ਟੁਕੜਿਆਂ ’ਚ ਮਿਲੀ ਨੌਜਵਾਨ ਦੀ ਲਾਸ਼ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਦੋਸਤ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨੀਂ ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਗੁਰੂ ਹਰ ਰਾਏ ਨਗਰ ਵਿਚ ਇੱਕ ਸਕੂਲ ਦੇ ਸਾਹਮਣੇ ਖਾਲੀ ਪਲਾਟ ਵਿੱਚ ਨੌਜਵਾਨ ਦੀ ਲਾਸ਼ 6 ਟੁਕੜਿਆਂ ਵਿਚ ਮਿਲੀ ਸੀ। ਉਸ ਦਾ ਸਿਰ ਚਿੱਟੇ ਰੰਗ ਦੇ ਡਰੰਮ ਵਿਚ ਕਰੀਬ ਡੇਢ-ਦੋ ਕਿਲੋਮੀਟਰ ਦੂਰੋਂ ਬਰਾਮਦ ਹੋਇਆ ਸੀ। ਮ੍ਰਿਤਕ ਦਵਿੰਦਰ ਕੁਮਾਰ (36), ਮੁੰਬਈ ਵਿੱਚ ਕੰਮ ਕਰਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਲੁਧਿਆਣਾ ਆਇਆ, ਤਾਂ 6 ਜਨਵਰੀ ਨੂੰ ਉਹ ਆਪਣੇ ਦੋਸਤ ਸ਼ੇਰਾ ਦੇ ਘਰ ਨਸ਼ਾ ਕਰਨ ਲਈ ਗਿਆ ਸੀ। ਜਦੋਂ ਉਸ ਨੇ ਨਸ਼ੇ ਦਾ ਟੀਕਾ ਲਗਾਇਆ, ਤਾਂ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਦਵਿੰਦਰ ਕੁਮਾਰ ਦੇ ਦੋਸਤ ਸ਼ੇਰਾ ਨੇ ਦਵਿੰਦਰ ਦੀ ਮੌਤ ਨੂੰ ਛੁਪਾਉਣ ਲਈ ਲੱਕੜ ਵਾਲੇ ਆਰੇ ਨਾਲ ਉਸ ਦੇ ਸਰੀਰ ਦੇ 6 ਟੁਕੜੇ ਕਰ ਦਿੱਤੇ ਅਤੇ ਰਾਤ ਵੇਲੇ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਜਾ ਕੇ ਉਸ ਦੇ ਸਰੀਰ ਦੇ ਟੁਕੜੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਸ਼ੇਰਾ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ।
