
ਜਲੰਧਰ ਤੋਂ ਲੋਕਸਭਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਲੋਂ ਗੋਦ ਲਏ ਗਏ ਪਿੰਡ ਗੰਨਾ ਵਿਖੇ ਸਪੋਕਸਮੈਨ ਟੀਵੀ ਦੀ ਟੀਮ ਨੇ ਪਹੁੰਚ ਕੇ ਪਿੰਡ ਦਾ ਦੌਰਾ...
ਚੰਡੀਗੜ੍ਹ : ਜਲੰਧਰ ਤੋਂ ਲੋਕਸਭਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਲੋਂ ਗੋਦ ਲਏ ਗਏ ਪਿੰਡ ਗੰਨਾ ਵਿਖੇ ਸਪੋਕਸਮੈਨ ਟੀਵੀ ਦੀ ਟੀਮ ਨੇ ਪਹੁੰਚ ਕੇ ਪਿੰਡ ਦਾ ਦੌਰਾ ਕੀਤਾ। ਇਸ ਦੌਰਾਨ ਕਈ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ। ਇਸ ਪਿੰਡ ਦੇ ਲੋਕ ਕਈ ਅਜਿਹੀਆਂ ਮੁੱਢਲੀਆਂ ਲੋੜਾਂ ਤੋਂ ਵਾਂਝੇ ਰਹਿ ਰਹੇ ਹਨ ਜਿਨ੍ਹਾਂ ਦੀ ਲੋੜ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਹੈ। ਇਸ ਦਾ ਇੱਕੋ ਇਕ ਕਾਰਨ ਬਣਦਾ ਹੈ ਕਿ ਸੰਤੋਖ ਸਿੰਘ ਚੌਧਰੀ ਵਲੋਂ ਇਸ ਪਿੰਡ ਨੂੰ ਲੈ ਕੇ ਬਹੁਤ ਵੱਡੀ ਲਾਪਰਵਾਹੀ ਵਰਤੀ ਗਈ ਹੈ।
Govt School
ਪਿੰਡ ਦੇ ਸਕੂਲ ਵਿਚ ਪਹੁੰਚਣ ‘ਤੇ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਦੀ ਬਿਲਡਿੰਗ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ, ਉਨ੍ਹਾਂ ਲਈ ਬਲੈਕ ਬੋਰਡਾਂ ਦਾ ਪ੍ਰਬੰਧ ਨਹੀਂ ਅਤੇ ਨਾ ਹੀ ਇੱਥੇ ਬੈਠਣ ਲਈ ਡੈਸਕਾਂ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਗਰਾਊਂਡ ਦੀ ਮਿੱਟੀ ਦੀ ਜਾਂਚ ਕਰਵਾਈ ਗਈ ਸੀ ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਇੱਥੋਂ ਦੀ ਮਿੱਟੀ ਵਿਚ 80% ਕੀਟਾਣੂ ਪਾਏ ਗਏ ਹਨ। ਜਦੋਂ ਬੱਚੇ ਇਕੱਠੇ ਹੋ ਕੇ ਖਾਣਾ ਖਾਣ ਲਈ ਜਾਂਦੇ ਹਨ ਤਾਂ ਉਸ ਸਮੇਂ ਓਹੀ ਮਿੱਟੀ ਉੱਡ ਕੇ ਖਾਣੇ ਵਿਚ ਪੈਂਦੀ ਹੈ ਜੋ ਕਿ ਉਨ੍ਹਾਂ ਦੀ ਸਿਹਤ ਲਈ ਕਿਤੇ ਨਾ ਕਿਤੇ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
Village Ganna
ਬੱਚਿਆਂ ਨੇ ਸਕੂਲ ਦੇ ਹਾਲਾਤਾਂ ਦੇ ਨਾਲ-ਨਾਲ ਪੜਾਈ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਸਟਾਫ਼ ਵੀ ਪੂਰਾ ਨਹੀਂ ਹੈ ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਵਿਚ ਜਿੰਨਾ ਵੀ ਥੋੜ੍ਹਾ ਬਹੁਤ ਵਿਕਾਸ ਹੋਇਆ ਹੈ ਉਹ ਪਿੰਡ ਦੇ ਐਨਆਰਆਈ ਲੋਕਾਂ ਵਲੋਂ ਕਰਵਾਇਆ ਗਿਆ ਹੈ ਜਦੋਂ ਕਿ ਸਰਕਾਰ ਵਲੋਂ ਇਸ ਪਿੰਡ ਵੱਲ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ।
Village Ganna
ਪਿੰਡ ਦੇ ਸਰਪੰਚ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਦੇ ਹਾਲਾਤ ਬਹੁਤ ਖ਼ਰਾਬ ਹਨ। ਪਿੰਡ ਵਿਚ ਨਾ ਹੀ ਗਲੀਆਂ ਨਾਲੀਆਂ ਸਹੀ ਢੰਗ ਨਾਲ ਵਿਕਸਿਤ ਹਨ ਅਤੇ ਨਾ ਹੀ ਨਿਕਾਸੀ ਦਾ ਪ੍ਰਬੰਧ ਹੈ। ਪਿੰਡ ਵਿਚ ਪਖ਼ਾਨਿਆਂ ਨੂੰ ਲੈ ਕੇ ਵੀ ਵੱਡੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕੋਈ ਗ੍ਰਾਂਟ ਨਹੀਂ ਦਿਤੀ ਜਾ ਰਹੀ। ਇਸ ਦੌਰਾਨ ਪਿੰਡ ਦੇ ਸਰਪੰਚ ਨੇ ਅਕਾਲੀ ਸਰਕਾਰ ਬਾਰੇ ਵੱਡਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਅਕਾਲੀਆਂ ਦੇ ਕਾਰਜਕਾਲ ਦੌਰਾਨ ਪਿੰਡ ਵਿਚ ਬਹੁਤ ਨਸ਼ਾ ਸੀ ਪਰ ਜਦੋਂ ਤੋਂ ਕੈਪਟਨ ਸਰਕਾਰ ਪੰਜਾਬ ਵਿਚ ਬਣੀ ਹੈ ਉਦੋਂ ਤੋਂ ਨਸ਼ੇ ਨੂੰ ਨੱਥ ਪਈ ਹੈ।
Village Ganna
ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਦੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਪਰ ਸਰਕਾਰ ਵਲੋਂ ਜਿੰਨੀ ਰਾਸ਼ੀ ਵਿਕਾਸ ਦੇ ਲਈ ਮੁਹੱਈਆ ਕਰਵਾਈ ਗਈ ਸੀ ਉਸ ਨਾਲ ਵਿਕਾਸ ਹੋਣਾ ਸੰਭਵ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਸੰਤੋਖ ਸਿੰਘ ਚੌਧਰੀ ਪਿੰਡ ਵਿਚ 10-12 ਵਾਰ ਆ ਚੁੱਕੇ ਹਨ ਪਰ ਜਦੋਂ ਪਿੰਡ ਦੇ ਵਿਕਾਸ ਨੂੰ ਲੈ ਕੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਤਾਂ ਉਹ ਹਰ ਵਾਰ ਇਕੋ ਗੱਲ ਦੁਹਰਾਉਂਦੇ ਹਨ ਕਿ ਕੇਂਦਰ ਵਲੋਂ ਪੈਸਾ ਜਾਰੀ ਨਹੀਂ ਕੀਤਾ ਜਾ ਰਿਹਾ।