
ਨਾਟਕਕਾਰ ਆਤਮਜੀਤ ਨਾਲ ਰਚਾਇਆ ਰੂਬਰੂ ਤੇ ਸਾਹਿਤ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਸਜੀ ਕਾਵਿ ਮਹਿਫ਼ਲ
ਚੰਡੀਗੜ੍ਹ (ਬਠਲਾਣਾ) : ਨੈਸ਼ਨਲ ਬੁੱਕ ਟਰੱਸਟ ਭਾਰਤ ਵੱਲੋਂ ਪੰਜਾਬ ਯੂਨੀਵਰਸਿਟੀ 'ਚ ਲਗਾਏ ਗਏ ਪਹਿਲੇ ਕਿਤਾਬ ਮੇਲੇ ਦੇ 8ਵੇਂ ਦਿਨ ਭਰੇ ਭੰਡਾਲ ਵਿਚ ਬਾਬੇ ਨਾਨਕ ਦੇ ਬੋਲ ਗੂੰਜੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਕਤ ਕਿਤਾਬ ਮੇਲੇ ਵਿਚ ਐਨਬੀਟੀ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ 'ਗਗਨ ਮੇਂ ਥਾਲ ' ਨਾਟਕ ਦਾ ਮੰਚਨ ਕਰਵਾਇਆ ਗਿਆ।
Punjab University
ਸਮਾਜਿਕ ਚੇਤਨਾ ਪੈਦਾ ਕਰਨ ਵਾਲਾ , ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਬਿਆਨ ਕਰਨ ਵਾਲਾ ਵਹਿਮਾਂ, ਭਰਮਾਂ ਅਤੇ ਸਮਾਜਿਕ ਬੁਰਾਈਆਂ ਮੂਹਰੇ ਵੱਡੇ ਸਵਾਲ ਖੜ੍ਹੇ ਕਰਨ ਵਾਲਾ ਨਾਟਕ 'ਗਗਨ ਮੇਂ ਥਾ' ਕੇਵਲ ਧਾਲੀਵਾਲ ਹੁਰਾਂ ਦੀ ਅਗਵਾਈ ਹੇਠ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਜਦੋਂ ਨਾਟਕ ਪੇਸ਼ ਕੀਤਾ ਗਿਆ ਤਦ ਹਾਲ ਖਚਾਖਚ ਭਰਿਆ ਹੋਇਆ ਸੀ ਤੇ ਦਰਸ਼ਕਾਂ ਨੇ ਮੰਤਰ ਮੁਗਧ ਹੋ ਕੇ ਇਸ ਦੀ ਪੇਸ਼ਕਾਰੀ ਵੇਖੀ ਤੇ ਅਖੀਰ ਵਿਚ ਐਨਬੀਟੀ ਅਤੇ ਕੇਵਲ ਧਾਲੀਵਾਲ ਹੁਰਾਂ ਦੀ ਟੀਮ ਨੂੰ ਮੁਬਾਰਕਾਂ ਵੀ ਦਿੱਤੀਆਂ।
Photo
ਇਸੇ ਪ੍ਰਕਾਰ ਸੁਖਨ ਲੋਕ ਅਤੇ ਐਨਬੀਟੀ ਵੱਲੋਂ ਉਘੇ ਰੰਗਕਰਮੀ, ਨਾਟਕ ਲਿਖੇਤਾ ਡਾ. ਆਤਮਜੀਤ ਹੁਰਾਂ ਨਾਲ ਰੂਬਰੂ ਵੀ ਰਚਾਇਆ ਗਿਆ, ਜਿਸ ਦਾ ਸੰਚਾਲਨ ਕੁਲਬੀਰ ਗੋਜਰਾ ਹੁਰਾਂ ਨੇ ਕੀਤਾ। ਆਤਮਜੀਤ ਹੁਰਾਂ ਨੇ ਜਿੱਥੇ ਆਪਣੇ ਜੀਵਨ ਦੇ ਵੱਖੋ-ਵੱਖ ਪੜਾਵਾਂ ਤੇ ਪਹਿਲੂਆਂ ਨੂੰ ਛੋਹਿਆ ਉਥੇ ਹੀ ਉਨ੍ਹਾਂ ਸਮੇਂ-ਸਮੇਂ ਥੀਏਟਰ ਦੀ ਬਦਲਦੀ ਸਥਿਤੀ 'ਤੇ ਵੀ ਆਪਣੇ ਵਿਚਾਰ ਪ੍ਰਗਟਾਏ। ਆਤਮਜੀਤ ਹੁਰਾਂ ਨੇ ਆਖਿਆ ਕਿ ਨਾਟਕ ਉਹੀ ਹੈ ਜੋ ਸਮੇਂ ਦੇ ਹਾਣ ਦਾ ਹੋ ਨਿਬੜੇ।
Photo
ਇਸ ਮੌਕੇ 'ਤੇ ਸਾਹਿਤ ਵਿਗਿਆਨ ਕੇਂਦਰ ਵੱਲੋਂ ਕਿਤਾਬ ਮੇਲੇ ਦੌਰਾਨ ਇਕ ਕਾਵਿਕ ਮਹਿਫ਼ਲ ਸਜਾਈ ਗਈ। ਪ੍ਰਧਾਨ ਸੇਵੀ ਰਾਇਤ ਅਤੇ ਡਾ. ਅਵਤਾਰ ਸਿੰਘ ਪਤੰਗ ਹੁਰਾਂ ਦੀ ਪ੍ਰਧਾਨਗੀ ਹੇਠ ਹੋਏ ਇਸ ਕਵੀ ਦਰਬਾਰ ਦਾ ਮੰਚ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਹੁਰਾਂ ਨੇ ਕੀਤਾ। ਕਵੀ ਦਰਬਾਰ ਦਾ ਆਗਾਜ਼ ਮਲਕੀਅਤ ਬਸਰਾ ਨੇ 'ਆਹ ਲੈ ਨੂੰਹੇਂ ਸਾਂਭ ਕੁੰਜੀਆਂ' ਗੀਤ ਨਾਲ ਕੀਤਾ। ਇਸੇ ਤਰ੍ਹਾਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ 'ਧੁੱਪ ਵਾਲੀ', ਕਰਮਜੀਤ ਸਿੰਘ ਬੱਗਾ ਨੇ 'ਖੂਨ ਦਾਨ ਵਾਲੀ', ਸਤਵੀਰ ਕੌਰ ਹੁਰਾਂ ਨੇ 'ਮਨ ਦੀ', ਬਿਮਲਾ ਗੁਗਲਾਨੀ ਨੇ ਹਿੰਦੀ ਕਵਿਤਾ, ਰਜਿੰਦਰ ਰੇਣੂ ਹੁਰਾਂ ਨੇ ਇਕ ਮਿੱਠੀ ਰਚਨਾ ਪੇਸ਼ ਕੀਤੀ।
Photo
ਇਸੇ ਤਰ੍ਹਾਂ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਕਿਤਾਬਾਂ ਨਾਲ ਗੱਲਾਂ ਵਾਲੀ ਕਵਿਤਾ ਪੜ੍ਹੀ, ਦਵਿੰੰਦਰ ਕੌਰ ਨੇ 'ਜਦੋਂ ਪੈਣ ਕਪਾਹੀ ਫੁੱਲ ਵੇ' ਗੀਤ ਗਾ ਕੇ ਮਹਿਫ਼ਲ ਨੂੰ ਜਿੱਥੇ ਰੋਮਾਂਚਕ ਬਣਾ ਦਿੱਤਾ, ਉਥੇ ਹੀ ਦਰਸ਼ਨ ਤ੍ਰਿਊਣਾ ਨੇ ਜਦੋਂ ਗੀਤ ਗਾਇਆ 'ਮੌਤ ਵਾਲੇ ਅੱਖਰ ਨਾ ਪੜ੍ਹ ਮਰ ਜਾਣਿਆ, ਚਿੱਟੇ ਦੀਆਂ ਪੁੜੀਆਂ ਨਾ ਫੜ ਮਰ ਜਾਣਿਆ' ਗਾਇਆ ਤਾਂ ਸਭਨਾਂ ਦੇ ਮੱਥੇ 'ਤੇ ਚਿੰਤਾਂ ਦੀ ਲਕੀਰਾਂ ਉਭਰ ਆਈਆਂ।
Photo
ਇਸੇ ਤਰ੍ਹਾਂ ਸਿਮਰਜੀਤ ਗਰੇਵਾਲ ਹੁਰਾਂ ਨੇ 'ਅੱਜ ਫਿਰ ਸ਼ਿਕਾਰੀ ਆ ਗਏ' ਰਾਹੀਂ ਧੀਆਂ ਦੀ ਪੀੜ ਸਾਂਝੀ ਕੀਤੀ। ਡਾ. ਪੰਨਾ ਲਾਲ ਮੁਸਤਫ਼ਾਵਾਦੀ, ਅਜੀਤ ਸਿੰਘ ਮਠਾੜੂ, ਪਰਮਜੀਤ ਪਰਮ, ਗੁਰਦਰਸ਼ਨ ਮਾਵੀ, ਨਰਿੰਦਰ ਨਸਰੀਨ, ਹਰਦੀਪ ਸਿੰਘ, ਸੇਵੀ ਰਾਇਤ ਤੇ ਬਾਬੂ ਰਾਮ ਦੀਵਾਨਾ ਹੁਰਾਂ ਨੇ ਜਿੱਥੇ ਆਪੋ-ਆਪਣੇ ਗੀਤਾਂ, ਗ਼ਜ਼ਲਾਂ ਤੇ ਨਜ਼ਮਾਂ ਰਾਹੀਂ ਵਾਹੋ-ਵਾਹੀ ਖੱਟੀ ਉਥੇ ਹੀ ਮਲਕੀਤ ਸਿੰਘ ਨਾਗਰਾ ਨੇ ਸੰਤ ਰਾਮ ਉਦਾਸੀ ਦੀਆਂ ਲਿਖਤਾਂ ਨੂੰ ਕਵੀਸ਼ਰੀ ਦੇ ਰੂਪ ਵਿਚ ਪੇਸ਼ ਕਰਕੇ ਖੂਬ ਤਾੜੀਆਂ ਲੁੱਟੀਆਂ।
Photo
ਵੱਖੋ-ਵੱਖ ਸੈਸ਼ਨਾਂ ਵਿਚ ਜਿੱਥੇ ਮਹਿਮਾਨਾਂ ਦਾ ਧੰਨਵਾਦ ਐਨਬੀਟੀ ਵੱਲੋਂ ਡਾ. ਸੁਖਵਿੰਦਰ ਸਿੰਘ ਹੁਰਾਂ ਨੇ ਕੀਤਾ,ਉਥੇ ਇਸ ਮੌਕੇ ਕੇਵਲ ਧਾਲੀਵਾਲ, ਦੀਪਕ ਸ਼ਰਮਾ ਚਨਾਰਥਲ, ਡਾ. ਮਨਮੋਹਨ ਸਿੰਘ ਦਾਊਂ, ਜਗਦੀਪ ਸਿੱਧੂ, ਬਲਦੇਵ ਸਿੰਘ ਛਾਜਲੀ ਸਣੇ ਵੱਡੀ ਗਿਣਤੀ ਵਿਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਹੋਰ ਮਹਿਮਾਨ ਮੌਜੂਦ ਸਨ।