
ਹਰਿਆਣਾ ’ਚ ਪਰਾਲੀ ਸਾੜਨ ਦੇ ਕੇਸਾਂ ’ਚ 25 ਫ਼ੀ ਸਦੀ ਦੀ ਕਮੀ, ਪੰਜਾਬ ’ਚ ਇੰਨੇ ਹੀ ਵਧੇ: ਜਾਵਡੇਕਰ
ਨਵੀਂ ਦਿੱਲੀ, 8 ਫ਼ਰਵਰੀ : ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ ਹਰਿਆਣਾ ਵਿਚ ਪਰਾਲੀ ਸਾੜਨ ਦੇ ਕੇਸਾਂ ਵਿਚ 25 ਫ਼ੀ ਸਦੀ ਦੀ ਕਮੀ ਆਈ ਹੈ, ਜਦਕਿ ਪੰਜਾਬ ਵਿਚ ਅਜਿਹੇ ਮਾਮਲਿਆਂ ਵਿਚ 25 ਫ਼ੀ ਸਦੀ ਦਾ ਵਾਧਾ ਹੋਇਆ ਹੈ। ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਪਰਾਲੀ ਦੇ ਕਾਰਨ 1 ਅਕਤੂਬਰ ਤੋਂ 30 ਨਵੰਬਰ ਤਕ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਖੜੀ ਹੁੰਦੀ ਹੈ। ਫਿਰ ਹਵਾ ਦੀ ਦਿਸ਼ਾ ਵੀ ਪੂਰਬ ਵਲ ਹੈ। ਧੂੰਆਂ ਇਨ੍ਹਾਂ ਸਾਰੇ ਕਾਰਨਾਂ ਕਰ ਕੇ ਹੁੰਦਾ ਹੈ।
ਜਾਵਡੇਕਰ ਨੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ, ਸਰਕਾਰ ਵਲੋਂ ਵੱਡੀ ਗਿਣਤੀ ਵਿਚ ਮਸ਼ੀਨਾਂ ਦਿਤੀਆਂ ਸਨ, ਜੋ ਕਿ ਪੂਰੀ ਵਰਤੋਂ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਹਰਿਆਣਾ ਵਿਚ ਪਰਾਲੀ ਸਾੜਨ ਦੇ ਕੇਸਾਂ ਵਿਚ 25 ਪ੍ਰਤੀਸ਼ਤ ਦੀ ਕਮੀ ਆਈ ਹੈ, ਜਦਕਿ ਪੰਜਾਬ ਵਿਚ ਇਸ ਵਿਚ 25 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਵਿਚ ਦੋ ਫ਼ੀ ਸਦੀ ਤੋਂ 40 ਫ਼ੀ ਸਦੀ ਯੋਗਦਾਨ ਪਰਾਲੀ ਸਾੜਨ ਕਾਰਨ ਹੈ।
ਜਾਵਡੇਕਰ ਨੇ ਕਿਹਾ ਕਿ ਪੂਸਾ ਇੰਸਟੀਚਿਊਟ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਡੀ-ਕੰਪੋਸਰ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਡੀਅਨ ਆਇਲ ਬਾਇਓ-ਮਿਥਿਲੇਸ਼ਨ ਅਤੇ ਬਾਇਓ-ਗੈਸ ਪੈਦਾ ਕਰਨ ਲਈ ਵੀ ਯਤਨਸ਼ੀਲ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਪ੍ਰਯੋਗ ਬਹੁਤ ਲਾਹੇਵੰਦ ਸਾਬਤ ਹੋਏਗਾ। (ਪੀਟੀਆਈ)