
ਪਾਕਿ ਦੀਆਂ ਹਰਕਤਾਂ ਨੂੰ ਫ਼ੌਜ ਨੇ ਸਰਹੱਦ ਤਕ ਕੀਤਾ ਸੀਮਤ: ਰਾਜਨਾਥ ਸਿੰਘ
ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਰਖਿਆ ਮੰਤਰੀ ਨੇ ਦਿਤਾ ਜਵਾਬ
ਨਵੀਂ ਦਿੱਲੀ, 8 ਫ਼ਰਵਰੀ: ਰਾਜ ਸਭਾ ’ਚ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਸਰਹੱਦ ’ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦਾ ਭਾਰਤੀ ਫ਼ੌਜ ਮੂੰਹ ਤੋੜ ਜਵਾਬ ਦੇ ਰਹੀ ਹੈ।
ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਰਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਵਲੋਂ ਕੀਤੀਆਂ ਜਾਣ ਵਾਲੀਆਂ ਹਰਕਤਾਂ ਨੂੰ ਸਰਹੱਦ ਤਕ ਦੀ ਸੀਮਤ ਕਰ ਦਿਤਾ ਹੈ। ਉਨ੍ਹਾਂ ਇਹ ਵੀ ਦਸਿਆ ਹੈ ਕਿ ਹੁਣ ਤਕ 11 ਰਾਫ਼ੇਲ ਜਹਾਜ਼ ਭਾਰਤ ਨੂੰ ਮਿਲ ਚੁਕੇ ਹਨ।
ਰਾਜਨਾਥ ਸਿੰਘ ਨੇ ਇਕ ਪ੍ਰਸ਼ਨ ਦੇ ਜਵਾਬ ’ਚ ਕਿਹਾ ਕਿ ਭਾਰਤੀ ਫ਼ੌਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਸਾਡੇ ਫ਼ੌਜੀਆਂ ਨੇ ਪਾਕਿਸਤਾਨ ਵਲੋਂ ਕੀਤੀਆਂ ਜਾਣ ਵਾਲੀਆਂ ਹਰਕਤਾਂ ਨੂੰ ਸਰਹੱਦ ਤਕ ਸੀਮਿਤ ਕਰ ਦਿਤਾ ਹੈ। ਜਿਥੇ ਤਕ ਭਾਰਤ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਸਵਾਲ ਹੈ। ਇਹ ਤਾਂ ਪਾਕਿਸਤਾਨ ਸਰਕਾਰ ਦਾ ਦਿਲ ਹੀ ਦੱਸ ਸਕਦਾ ਹੈ ਕਿ ਭਾਰਤੀ ਫ਼ੌਜ ਵਲੋਂ ਕਿਸ ਤਰ੍ਹਾਂ ਦਾ ਜਵਾਬ ਮਿਲਿਆ ਹੈ। ਰਾਜਨਾਥ ਨੇ ਦਸਿਆ ਕਿ 2020 ’ਚ ਜੰਗਬੰਦੀ ਦੀ ਉਲੰਘਣਾ ਦੀਆਂ 4629 ਘਟਨਾਵਾਂ ਹੋਈਆਂ। (ਏਜੰਸੀ)