
ਦਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਨੂੰ ਲੈ ਕੇ ਵਿਵਾਦ ਜਾਰੀ
ਪੇਸ਼ਾਵਰ, 7 ਫ਼ਰਵਰੀ: ਬਾਲੀਵੁਡ ਅਦਾਕਾਰ ਦਲੀਪ ਕੁਮਾਰ ਅਤੇ ਰਾਜ ਕਪੂਰ ਦੇ ਪੇਸ਼ਾਵਰ ਵਿਚ ਜੱਦੀ ਮਕਾਨਾਂ ਨੂੰ ਅਜਾਇਬ ਘਰ ਵਿਚ ਤਬਦੀਲ ਕਰਨ ਲਈ ਉਨ੍ਹਾਂ ਦੀ ਖ਼ਰੀਦ ਸਬੰਧੀ ਪਾਕਿਸਤਾਨ ਦੀ ਖੈਬਰ ਪਖਤੂਨਖ਼ਵਾ ਸਰਕਾਰ ਅਤੇ ਇਨ੍ਹਾਂ ਘਰਾਂ ਦੇ ਮਾਲਕਾਂ ਨਾਲ ਨਿਰਧਾਰਤ ਕੀਤੀਆਂ ਕੀਮਤਾਂ ਨੂੰ ਲੈ ਕੇ ਕਿਸੇ ਨਤੀਜੇ ਉੱਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ |
ਇਥੇ ਦਿਲੀਪ ਕੁਮਾਰ ਦੇ ਸਥਾਨਕ ਬੁਲਾਰੇ ਫ਼ੈਸਲ ਫ਼ਾਰੂਕੀ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਪੇਸ਼ਾਵਰ ਮਹਾਨ ਭਾਰਤੀ ਅਦਾਕਾਰ ਦੇ ਦਿਲ ਵਿਚ ਵੱਸਦਾ ਹੈ ਅਤੇ ਉਹ ਅਪਣੇ ਜਨਮ ਸਥਾਨ ਅਤੇ ਮੁਹੱਲਾ ਖੁਦਾਦਾਦ ਵਿਚ ਜੱਦੀ ਘਰ ਨਾਲ ਅਪਣੀਆਂ ਜੁੜੀਆਂ ਮਿੱਠੀ ਯਾਦਾਂ ਬਾਰੇ ਵਿਚਾਰ ਵਟਾਂਦਰੇ ਕਰਦੇ ਰਹਿੰਦੇ ਹਨ |
ਬੁਲਾਰੇ ਨੇ ਕਿਹਾ ਕਿ ਮਹਾਨ ਅਦਾਕਾਰਾਂ ਦੇ ਜੱਦੀ ਘਰਾਂ ਨੂੰ ਬਚਾਉਣ ਨਾਲ ਨਾ ਸਿਰਫ਼ ਪੇਸ਼ਾਵਰ ਦੀ ਮਹੱਤਤਾ ਵਧੇਗੀ ਸਗੋਂ ਪਾਕਿਸਤਾਨ ਦੇ ਸੈਰ-ਸਪਾਟਾ ਉਦਯੋਗ ਨੂੰ ਵੀ ਮਜ਼ਬੂਤੀ ਮਿਲੇਗੀ |
ਸੂਬਾ ਸਰਕਾਰ ਨੇ ਪਹਿਲਾਂ ਇਨ੍ਹਾਂ ਦੋਵਾਂ ਘਰਾਂ ਲਈ 2.35 ਕਰੋੜ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦਿਤੀ ਸੀ |ਸੂਬਾ ਸਰਕਾਰ ਨੇ 101 ਵਰਗ ਮੀਟਰ ਵਿਚ ਫੈਲੇ ਦਿਲੀਪ ਕੁਮਾਰ ਦੇ ਜੱਦੀ ਘਰ ਦੀ ਕੀਮਤ 80.56 ਲੱਖ ਰੁਪਏ ਲਗਾਈ ਹੈ | ਉਸ ਨੇ ਰਾਜ ਕਪੂਰ ਦੇ ਜੱਦੀ ਘਰ ਦੀ ਕੀਮਤ 1.50 ਕਰੋੜ ਰੁਪਏ ਨਿਰਧਾਰਤ ਕੀਤੀ ਹੈ | ਦੋਵੇਂ ਘਰਾਂ ਨੂੰ ਖ਼ਰੀਦ ਤੋਂ ਬਾਅਦ ਅਜਾਇਬ ਘਰ ਬਣਾਇਆ ਜਾਵੇਗਾ |
ਹਾਲਾਂਕਿ, ਦੋਵੇਂ ਘਰਾਂ ਦੇ ਮਾਲਕਾਂ ਨੇ ਮਕਾਨ ਨੂੰ ਸਰਕਾਰ ਵਲੋਂ ਨਿਰਧਾਰਤ ਕੀਮਤ 'ਤੇ ਵੇਚਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਇਸ 'ਤੇ ਬਹੁਤ ਘੱਟ ਕੀਮਤ ਲਗਾਈ ਹੈ | ਦਲੀਪ ਕੁਮਾਰ ਦੇ ਜੱਦੀ ਘਰ ਦੇ ਮਾਲਕ ਹਾਜੀ ਲਾਲ ਮੁਹੰਮਦ ਨੇ ਕਿਹਾ ਹੈ ਕਿ ਉਹ ਇਸ ਜਾਇਦਾਦ ਲਈ 25 ਕਰੋੜ ਰੁਪਏ ਦੀ ਮੰਗ ਕਰਨਗੇ |
ਮੁਹੰਮਦ ਨੇ ਦਸਿਆ ਕਿ ਉਸਨੇ 2005 ਵਿਚ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਸਨ ਅਤੇ ਇਸ ਜਾਇਦਾਦ ਨੂੰ 51 ਲੱਖ ਰੁਪਏ ਵਿਚ ਖ਼ਰੀਦਿਆ ਸੀ ਅਤੇ ਉਸ ਕੋਲ ਘਰ ਦੇ ਸਾਰੇ ਕਾਗ਼ਜ਼ਾਤ ਹਨ |
ਉਨ੍ਹਾਂ ਕਿਹਾ ਕਿ 16 ਸਾਲਾਂ ਬਾਅਦ ਸਰਕਾਰ ਲਈ ਇਸ ਜਾਇਦਾਦ ਦੀ ਕੀਮਤ ਸਿਰਫ਼ 80.56 ਲੱਖ ਰੁਪਏ ਤੈਅ ਕਰਨਾ ਠੀਕ ਨਹੀਂ ਹੈ | ਰਾਜ ਕਪੂਰ ਦੇ ਜੱਦੀ ਘਰ ਦੇ ਮਾਲਕ ਨੇ 151.75 ਵਰਗ ਮੀਟਰ ਵਿਚ ਫੈਲੀ ਜਾਇਦਾਦ 'ਕਪੂਰ ਹਵੇਲੀ' ਲਈ 200 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਦੋਂ ਕਿ ਸਰਕਾਰ ਨੇ ਇਸ ਨੂੰ 1.50 ਕਰੋੜimage ਰੁਪਏ ਨਿਰਧਾਰਤ ਕੀਤਾ ਸੀ | (ਪੀਟੀਆਈ)