
ਸੜਕ ਹਾਦਸੇ ਵਿਚ ਦਰਜਨ ਦੇ ਕਰੀਬ ਲੋਕ ਜ਼ਖ਼ਮੀ
ਭਵਾਨੀਗੜ੍ਹ, 8 ਫ਼ਰਵਰੀ (ਗੁਰਪ੍ਰੀਤ ਸਿੰਘ ਸਕਰੌਦੀ): ਅੱਜ ਸਵੇਰੇ ਸੰਘਣੀ ਧੁੰਦ ਕਾਰਣ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਚੰਨੋਂ ਵਿਖੇ ਇਕ ਪੀਆਰਟੀਸੀ ਦੀ ਬੱਸ ਅੱਗੇ ਜਾ ਰਹੇ ਇਕ ਵੱਡੇ ਟੈਂਕਰ ਨਾਲ ਟਕਰਾ ਗਈ। ਬੱਸ ਦੇ ਪਿੱਛੇ ਆਾ ਰਹੀਆਂ ਦੋ ਕਾਰਾਂ ਅਤੇ ਤੇਲ ਵਾਲਾ ਟੈਂਕਰ ਵੀ ਇਕ ਦੂਜੇ ਵਿਚ ਵੱਜ ਗਏ। ਹਾਦਸੇ ਵਿਚ ਬੱਸ ਦੇ ਚਾਲਕ ਅਤੇ ਕੰਡਕਟਰ ਸਮੇਤ ਕਰੀਬ ਇਕ ਦਰਜਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਭਵਾਨੀਗੜ੍ਹ ਅਤੇ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ।
ਹਾਈਵੇਅ ਪਟਰੌਲਿੰਗ ਪੁਲਿਸ ’ਚ ਤਾਇਨਾਤ ਹੌਲਦਾਰ ਰਜਿੰਦਰ ਸਿੰਘ ਨੇ ਦਸਿਆ ਕਿ ਮਲੋਟ ਤੋਂ ਚੰਡੀਗੜ੍ਹ ਲਈ ਚਲੀ ਇਕ ਪੀਆਰਟੀਸੀ ਦੀ ਬੱਸ ਦੀ ਟੱਕਰ ਪਿੰਡ ਚੰਨੋਂ ਦੇ ਕੱਟ ਤੋਂ ਯੂ-ਟਰਨ ਲੈ ਕੇ ਭਵਾਨੀਗੜ੍ਹ ਵਲ ਮੁੜ ਰਹੇ ਇਕ ਵੱਡੇ ਟੈਂਕਰ ਨਾਲ ਹੋ ਗਈ। ਹਾਦਸੇ ਤੋਂ ਬਾਅਦ ਬੱਸ ਬੁਰੀ ਤਰ੍ਹਾਂ ਨਾਲ ਟੈਂਕਰ ਦੇ ਵਿਚ ਫਸ ਗਈ ਅਤੇ ਮੌਕੇ ’ਤੇ ਹਫ਼ੜਾ ਤਫ਼ੜੀ ਮੱਚ ਗਈ।੍ਯਵੱਡੇ ਟੈਂਕਰ ’ਚ ਫਸੀ ਬੱਸ ਨੂੰ ਕਰੇਨ ਦੀ ਮਦਦ ਨਾਲ ਕਢਿਆ ਗਿਆ।
ਪੁਲਿਸ ਮੁਲਾਜ਼ਮ ਨੇ ਦਸਿਆ ਕਿ ਹਾਲੇ ਜਦੋਂ ਤਕ ਉਹ ਜ਼ਖ਼ਮੀ ਹੋਏ ਲੋਕਾਂ ਨੂੰ ਸੰਭਾਲਦੇ ਹੀ ਸੀ, ਕਿ ਹਾਦਸਾਗ੍ਰਸਤ ਬੱਸ ਦੇ ਪਿੱਛੇ ਇਕ ਹੋਰ ਕਾਰ ਆ ਵੱਜੀ। ਕਾਰ ਦੇ ਵੱਜਣ ਤੋਂ ਬਾਅਦ ਉਸ ਦੇ ਪਿੱਛੇ ਆ ਰਹੇ ਤੇਲ ਵਾਲੇ ਟੈਂਕਰ ਦੇ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿਤੇ ਜਿਸ ਦੇ ਪਿੱਛੇ ਆ ਰਹੀ ਇਕ ਹੋਰ ਵਰੀਟੋ ਕਾਰ ਟਕਰਾ ਗਈ। ਕਾਲਝਾੜ/ਚੰਨੋਂ ਪੁਲਿਸ ਚੌਕੀ ਦੇ ਇੰਚਾਰਜ ਐਸਆਈ ਬਲਵਿੰਦਰ ਸਿੰਘ ਨੇ ਦਸਿਆ ਕਿ ਹਾਦਸੇ ਵਿਚ ਇਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।
ਜਖ਼ਮੀਆਂ ’ਚ ਸ਼ਾਮਲ ਬੱਸ ਦੇ ਡਰਾਇਵਰ ਬਲਵਿੰਦਰ ਸਿੰਘ ਤੇ ਕੰਡਕਟਰ ਸੁਰਿੰਦਰ ਕੁਮਾਰ ਨੂੰ ਰਜਿੰਦਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਦੋਂਕਿ ਅਮਰਜੀਤ ਸਿੰਘ, ਬਲਵਿੰਦਰ ਸਿੰਘ ਤੇ ਈਸ਼ਿਤਾ ਨੂੰ ਭਵਾਨੀਗੜ ਤੇ ਹਰਮਨਦੀਪ ਕੌਰ, ਚਤਿੰਨ ਕੌਰ, ਅਜੈਬ ਸਿੰਘ ਨੂੰ ਪਟਿਆਲਾ ਦੇ ਇਕ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹੋਰ ਜ਼ਖ਼ਮੀਆਂ ਸਬੰਧੀ ਜਾਣਕਾਰੀ ਨਹÄ ਮਿਲ ਸਕੀ। ਏ.ਐਸ.ਆਈ. ਬਲਵਿੰਦਰ ਸਿੰਘ ਨੇ ਦਸਿਆ ਕਿ ਇਹ ਹਾਦਸਾ ਧੁੰਦ ਅਤੇ ਵੱਡੇ ਟੈਂਕਰ ਦੇ ਚਾਲਕ ਦੀ ਲਾਪ੍ਰਵਾਹੀ ਨਾਲ ਵਾਪਰਿਆ ਹੈ ਜਿਸ ਸਬੰਧੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਫੋਟੋ ਐਸਉਸੀ 08-14
ਸੰਘਣੀ ਧੁੰਦ ਕਾਰਨ ਹੋਇਆ ਹਾਦਸਾ