
ਮੁੱਖ ਮੰਤਰੀ ਚੰਨੀ ਨੇ ਗੁਰਦਵਾਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ
ਸ੍ਰੀ ਚਮਕੌਰ ਸਾਹਿਬ, 8 ਫ਼ਰਵਰੀ (ਲੱਖਾ): ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਨ ਤੋਂ ਬਾਅਦ ਅੱਜ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਲਈ ਪਹੁੰਚੇ।
ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਰੋਡ ਮੈਪ ਤਿਆਰ ਹੋ ਚੁੱਕਾ ਹੈ ਜਿਸ ਵਿਚ ਸਿਹਤ ਸਿਖਿਆ ਤੇ ਰੁਜ਼ਗਾਰ ਨੂੰ ਪਹਿਲ ਦਿਤੀ ਜਾਵੇਗੀ ਅਤੇ ਉਨ੍ਹਾਂ ਕਿਹਾ ਕਿ ਸਾਡੀ ਸਟੇਟ ਵੈਲਫ਼ੇਅਰ ਸਟੇਟ ਹੈ। ਇਸ ਲਈ ਐਜੂਕੇਸ਼ਨ ਮੁਫ਼ਤ ਕੀਤੀ ਜਾਵੇਗੀ ਜਿਸ ਵਿਚ ਸਰਕਾਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੀ ਪੜ੍ਹਾਈ ਮੁਫ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਐਸ.ਸੀ ਸਕਾਰਲਸ਼ਿਪ ਮੁਫ਼ਤ ਮਿਲਦੀ ਹੈ ਉਸੇ ਤਰ੍ਹਾਂ ਬੀ.ਸੀ ਸਕਾਰਲਸ਼ਿਪ ਸ਼ੁਰੂ ਕਰਨੀ ਹੈ ਅਤੇ ਮਿਡਲ ਕਲਾਸ ਤੇ ਗ਼ਰੀਬ ਵਰਗ ਦੇ ਵਿਦਿਆਰਥੀਆਂ ਲਈ 1 ਜਨਰਲ ਕੈਟਾਗਰੀ ਸਕਾਲਰਸ਼ਿਪ ਤਹਿਤ ਵਿਦਿਆਰਥੀਆਂ ਨੂੰ ਪੜ੍ਹਾਈ ਮੁਫ਼ਤ ਦਿਤੀ ਜਾਵੇਗੀ। ਉਨ੍ਹਾਂ ਕਿਹਾ,‘‘ਮੈਂ ਅਪਣੇ 111 ਦਿਨਾਂ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਕੇ ਹਲਕੇ ਸਮੇਤ ਪੰਜਾਬ ਵਿਚ ਹਰ ਸੰਭਵ ਵਿਕਾਸ ਕੀਤਾ ਹੈ। ਜੇਕਰ ਲੋਕਾਂ ਨੂੰ ਸਾਡੀ ਸਰਕਾਰ ਦਾ ਇਨ੍ਹਾਂ ਦਿਨਾਂ ਵਿਚ ਕੀਤਾ ਕੰਮ ਪਸੰਦ ਆਇਆ ਹੈ, ਤਾਂ ਮੈਨੂੰ ਫਿਰ ਤੋਂ ਸਰਕਾਰ ਬਣਾਉਣ ਲਈ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਵਿਧਾਨ ਸਭਾ ਵਿਚ ਭੇਜਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ,‘‘ਮੈਂ 2 ਹਲਕਿਆਂ ਤੋਂ ਚੋਣ ਲੜ ਰਿਹਾ ਹਾਂ ਅਤੇ ਮੇਰੀ ਜ਼ਿੰਮੇਵਾਰੀ ਹੁਣ ਪੂਰੇ ਪੰਜਾਬ ਦੇ ਕੰਮ ਦੇਖਣ ਦੇ ਲਈ ਲੱਗੀ ਹੈ, ਸਮਾਂ ਥੋੜ੍ਹਾ ਹੈ, ਇਸ ਲਈ ਮੈਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਹੈ।’’ ਇਸ ਮੌਕੇ ਕਬੱਡੀ ਕੋਚ ਦਵਿੰਦਰ ਸਿੰਘ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਨਗਰ ਪੰਚਾÇਂੲਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਸਤਵਿੰਦਰ ਸਿੰਘ ਚੈੜੀਆਂ, ਜਸਵੀਰ ਸਿੰਘ, ਨਿਰਭੈਰ ਸਿੰਘ ਬਿੱਲਾਂ, ਬਲਵਿੰਦਰ ਸਿੰਘ ਬਿੰਦਾ, ਸਮਸ਼ੇਰ ਸਿੰਘ ਭੋਜੇਮਾਜਰਾ, ਹਰਮੋਹਣ ਸਿੰਘ, ਸ਼ਮਸ਼ੇਰ ਸਿੰਘ ਮੰਗੀ, ਜਸਵੀਰ ਸਿੰਘ ਜਟਾਣਾ, ਗੁਰਚਰਨ ਸਿੰਘ ਮਾਣੇਮਾਜਰਾ,ਅਮਨਦੀਪ ਕੌਰ ਚੇਅਰਮੈਨ ਬਲਾਕ ਸੰਮਤੀ ਮੈਂਬਰ, ਰੋਹਿਤ ਸੱਭਰਵਾਲ, ਮੁਨਿਤ ਕੁਮਾਰ ਮੰਟੂ, ਦਰਸ਼ਨ ਵਰਮਾ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਦੇ ਸਮਰੱਥਕਾਂ ਵਲੋਂ ਲੱਡੂ ਵੀ ਵੰਡੇ ਗਏ।