
ਮਹਾਭਾਰਤ ਦੇ ਭੀਮ,ਪ੍ਰਵੀਨ ਕੁਮਾਰ ਦਾ ਦੇਹਾਂਤ
ਨਵੀਂ ਦਿੱਲੀ, 8 ਫ਼ਰਵਰੀ : ਦੂਰਦਰਸ਼ਨ ’ਤੇ ਪ੍ਰਸਾਰਿਤ ਬੀਆਰ ਚੋਪੜਾ ਦੇ ਸੀਰੀਅਲ ਮਹਾਭਾਰਤ ਵਿਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਦਾ 74 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਰੀੜ੍ਹ ਦੀ ਹੱਡੀ ਦੀ ਸਮੱਸਿਆ ਤੋਂ ਪੀੜਤ ਸੀ। ਹਾਲਾਂਕਿ ਮੌਤ ਦਾ ਮੁੱਖ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ ਹੈ। ਪੰਜਾਬ ਨਾਲ ਸਬੰਧ ਰਖਣ ਵਾਲੇ ਪ੍ਰਵੀਨ ਕੁਮਾਰ ਫ਼ਿਲਮਾਂ ’ਚ ਕੰਮ ਕਰਨ ਤੋਂ ਪਹਿਲਾਂ ਅਥਲੀਟ ਸਨ। ਐਕਟਿੰਗ ਵਿਚ ਆਉਣ ਤੋਂ ਪਹਿਲਾਂ ਪ੍ਰਵੀਨ ਕੁਮਾਰ ਇਕ ਹੈਮਰ ਅਤੇ ਡਿਸਕਸ ਥਰੋਅ ਅਥਲੀਟ ਸੀ। ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿਚ 2 ਗੋਲਡ, 1 ਸਿਲਵਰ ਅਤੇ 1 ਕਾਂਸੀ ਸਮੇਤ ਚਾਰ ਮੈਡਲ ਜਿੱਤੇ। ਉਹ ਦੋ ਓਲੰਪਿਕ ਖੇਡਾਂ ਵਿਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਖੇਡਾਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਦਿਤਾ ਗਿਆ ਸੀ। ਇਸ ਦੇ ਨਾਲ ਹੀ ਪ੍ਰਵੀਨ ਕੁਮਾਰ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼) ਵਿਚ ਡਿਪਟੀ ਕਮਾਂਡੈਂਟ ਦੀ ਨੌਕਰੀ ਵੀ ਮਿਲੀ ਸੀ। ਖੇਡਾਂ ਵਿਚ ਸਫਲ ਹੋਣ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵਿਚ ਆਉਣ ਦਾ ਫ਼ੈਸਲਾ ਕੀਤਾ। ਅਦਾਕਾਰੀ ਛੱਡ ਕੇ ਪ੍ਰਵੀਨ ਕੁਮਾਰ ਸੋਬਤੀ ਨੇ ਸਿਆਸਤ ਵਿਚ ਪੈਰ ਰਖਿਆ, ਉਨ੍ਹਾਂ ਨੇ ਦਿੱਲੀ ਦੇ ਵਜੀਰਪੁਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਪਰ ਉਹ ਜਿੱਤ ਨਾ ਸਕੇ। ਕੱੁਝ ਸਮੇਂ ਬਾਅਦ ਉਹ ‘ਆਪ’ ਛੱਡ ਕੇ ਭਾਜਪਾ ’ਚ ਸਾਮਲ ਹੋ ਗਏ। (ਏਜੰਸੀ)