
ਸਿਰਫ਼ ਪੰਜ ਮਿੰਟ ’ਚ ਵਿਕ ਗਈਆਂ ਭਾਰਤ ਬਨਾਮ ਪਾਕਿਸਤਾਨ ਮੈਚ ਦੀਆਂ ਟਿਕਟਾਂ
ਨਵੀਂ ਦਿੱਲੀ, 8 ਫ਼ਰਵਰੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੀ ਲੋਕਪ੍ਰਿਅਤਾ ਕਿਸੇ ਤੋਂ ਲੁਕੀ ਨਹੀਂ ਹੈ। ਜਦੋਂ ਵੀ ਇਹ ਦੋਵੇਂ ਟੀਮਾਂ ਕ੍ਰਿਕਟ ਦੇ ਮੈਦਾਨ ’ਤੇ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਕਰੋੜਾਂ ਲੋਕ ਸਾਰੇ ਕੰਮ ਛੱਡ ਕੇ ਟੀਵੀ ਸਾਹਮਣੇ ਬੈਠ ਜਾਂਦੇ ਹਨ। ਇਹੀ ਕਾਰਨ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੇ ਪ੍ਰਸਾਰਣ ਦੌਰਾਨ ਹਰ ਵਾਰ ਟੀਆਰਪੀ ਦੇ ਨਵੇਂ ਰਿਕਾਰਡ ਬਣਦੇ ਹਨ। ਇਹਨਾਂ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਦੀਆਂ ਟਿਕਟਾਂ ਵੀ ਹਰ ਵਾਰ ਕੱੁਝ ਮਿੰਟਾਂ ਵਿਚ ਹੀ ਵਿਕ ਜਾਂਦੀਆਂ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਟੀ-20 ਵਿਸ਼ਵ ਕੱਪ-2022 ਵਿਚ ਭਾਰਤ-ਪਾਕਿਸਤਾਨ ਮੈਚ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਹੋਣ ਜਾ ਰਿਹਾ ਹੈ ਅਤੇ ਇਸ ਦੀਆਂ ਟਿਕਟਾਂ ਮਿੰਟਾਂ ਵਿਚ ਹੀ ਵਿਕ ਗਈਆਂ।
ਦੋਵੇਂ ਟੀਮਾਂ ਆਖ਼ਰੀ ਵਾਰ 2015 ਵਨਡੇ ਵਿਸ਼ਵ ਕੱਪ ਦੌਰਾਨ ਐਡੀਲੇਡ ਓਵਲ ਵਿਖੇ ਆਸਟ੍ਰੇਲੀਆ ਦੀ ਧਰਤੀ ’ਤੇ ਆਹਮੋ-ਸਾਹਮਣੇ ਹੋਈਆਂ ਸਨ, ਇਹ ਮੈਚ ਵੀ ਕੁਝ ਹੀ ਮਿੰਟਾਂ ਵਿਚ ਵਿਕ ਗਿਆ ਸੀ। ਟੂਰਨਾਮੈਂਟ ਦੇ ਸੀਈਓ ਮਿਸ਼ੇਲ ਐਨਰਾਈਟ ਨੇ ਕਿਹਾ ਕਿ ਹੁਣ ਤਕ ਜ਼ਿਆਦਾਤਰ ਟਿਕਟਾਂ ਆਸਟਰੇਲੀਆਈ ਨਿਵਾਸੀਆਂ ਦੁਆਰਾ ਖ਼ਰੀਦੀਆਂ ਗਈਆਂ ਹਨ, ਉਹਨਾਂ ਨੂੰ ਉਮੀਦ ਹੈ ਕਿ ਆਸਟਰੇਲੀਆ ਦੀਆਂ ਸਰਹੱਦਾਂ ਦੇ ਮੁੜ ਖੁਲ੍ਹਣ ਨਾਲ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ ਜਾਵੇਗਾ।
ਆਈਸੀਸੀ ਦਾ ਇਹ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ ਤਕ ਖੇਡਿਆ ਜਾਣਾ ਹੈ। ਇਸ ਦੇ ਲਈ ਪ੍ਰਸ਼ੰਸਕ ਸਟੇਡੀਅਮ ’ਚ ਜਾ ਕੇ ਮੈਚ ਦਾ ਆਨੰਦ ਲੈਣ ਲਈ ਟਿਕਟਾਂ ਖ਼ਰੀਦ ਸਕਦੇ ਹਨ। ਇਸ ਵਿਚ ਫ਼ਾਈਨਲ ਸਮੇਤ 45 ਮੈਚਾਂ ਦੀਆਂ ਟਿਕਟਾਂ ਖ਼ਰੀਦੀਆਂ ਜਾ ਸਕਦੀਆਂ ਹਨ।
ਆਈਸੀਸੀ ਨੇ ਇਕ ਬਿਆਨ ਵਿਚ ਕਿਹਾ, ‘ਪਹਿਲੇ ਦੌਰ ਅਤੇ ਸੁਪਰ 12 ਪੜਾਅ ਲਈ ਬੱਚਿਆਂ ਦੀ ਟਿਕਟ 5 ਡਾਲਰ ਹੈ ਜਦਕਿ ਬਾਲਗ਼ਾਂ ਦੀ ਟਿਕਟ 20 ਡਾਲਰ ਹੈ। (ਏਜੰਸੀ)
ਪਹਿਲੀ ਵਾਰ ਆਸਟਰੇਲੀਆ ਵਿਚ ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ, ਜਿਸ ਦੇ ਮੈਚ ਐਡੀਲੇਡ, ਬ੍ਰਿਸਬੇਨ, ਜੀਲਾਂਗ, ਹੋਬਾਰਟ, ਮੈਲਬੋਰਨ, ਪਰਥ ਅਤੇ ਸਿਡਨੀ ਵਿਚ ਹੋਣਗੇ। (ਏਜੰਸੀ)