ਕੌਮਾਂਤਰੀ ਪੱਧਰ ’ਤੇ ਸਿੱਖਿਆ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਸਬੰਧੀ ਕੀਤੀ ਗਈ ਚਰਚਾ
ਮੁਹਾਲੀ: ਚੰਡੀਗੜ੍ਹ ਗਰੁੱਪ ਆਫ਼ ਕਾਲਜ ਦੇ ਝੰਜੇੜੀ ਕੈਂਪਸ ਵਿਚ ਅੰਤਰਰਾਸ਼ਟਰੀ ਡਿਪਲੋਮੈਟ ਮੀਟ- 2023 ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿਚ ਜ਼ਿੰਬਾਬਵੇ, ਕੀਨੀਆ, ਸੁਡਾਨ, ਨਾਮੀਬੀਆ, ਜ਼ੈਂਬੀਆ, ਅਫ਼ਗ਼ਾਨਿਸਤਾਨ, ਰੋਆਨ, ਆਈਵਰੀਕੋਸਟ ਸਮੇਤ ਕੁੱਲ ਗਿਆਰਾਂ ਦੇਸ਼ਾਂ ਦੇ ਡਿਪਲੋਮੈਟ ਨੇ ਸ਼ਿਰਕਤ ਸੀ। ਇਸ ਮੀਟ ਦਾ ਮੁੱਖ ਉਦੇਸ਼ ਕੌਮਾਂਤਰੀ ਪੱਧਰ ’ਤੇ ਸਿੱਖਿਆ ਦੇ ਪੱਧਰ ਵਿਚ ਆ ਰਹੇ ਬਦਲਾਵਾਂ ਤੇ ਚਰਚਾ ਕਰਨਾ ਸੀ। ਇਸ ਦੇ ਨਾਲ ਹੀ ਇਹ ਵੀ ਚਰਚਾ ਦਾ ਪ੍ਰਮੁੱਖ ਵਿਸ਼ਾ ਰਿਹਾ ਕਿ ਝੰਜੇੜੀ ਕੈਂਪਸ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਦੌਰਾਨ ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਵਿਚ ਆਉਣ ਵਾਲੀਆਂ ਤਕਲੀਫ਼ਾਂ ’ਤੇ ਵੀ ਚਰਚਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਝੰਜੇੜੀ ਕੈਂਪਸ ਵਿਚ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਕਈ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇਸ ਦੌਰਾਨ ਦੂਜੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਵੱਡੇ ਪੱਧਰ ਤੇ ਇਸ ਮੀਟ ਵਿਚ ਹਿੱਸਾ ਲਿਆ। ਡਿਪਲੋਮੈਟਸ ਦੇ ਕੈਂਪਸ ਪਹੁੰਚਣ ਤੇ ਸੀਜੀਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਸਨ। ਜਦਕਿ ਸੁਮਨਦੀਪ ਸਿੰਘ ਵਾਲੀਆ, ਐਡੀਸ਼ਨਲ ਐਡਵੋਕੇਟ ਜਰਨਲ ਵੀ ਖ਼ਾਸ ਮਹਿਮਾਨ ਸਨ।
ਇਸ ਦੌਰਾਨ ਬੋਹਲੋਕੀ ਤਲਹਾਕੂ ਮਰੋਜੇਲੇ ਹਾਈ ਕਮਿਸ਼ਨਰ ਲੈਸੋਥੋ , ਮਹਿਮੂਦ ਏ.ਐਮ, ਮਹੁੰਮਡਦ ਏ ਐਮ ਏ ਐਮ ਅਗਲੋਵਾਵੀ ਲੀਬੀਆ ਦੇ ਸੈਕਟਰੀ, ਪੀਟਰ ਹੋਬਵਾਨੀ ਡਿਪਟੀ ਅੰਬੈਸਡਰ ਜ਼ਿੰਬਾਬਵੇ, ਸਿਧਾਰਥ ਰਾਜਹੰਸ ਡਿਪਲੋਮੈਟ ਅਤੇ ਸੰਯੁਕਤ ਰਾਸ਼ਟਰ ਨੀਤੀ ਨਿਰਮਾਤਾ, ਐਸਥਰ ਕਰੇਮਾ ਮਟੁਆ ਕੀਨੀਆ ਅੰਬੈਸੀ, ਪਾਲ ਮਲੇਸ਼ ਬੈਂਜਾਮਿਨ ਐਜੂਕੇਸ਼ਨ ਅਤੇ ਕਲਚਰਲ ਅਟੈਚ ਦੱਖਣੀ ਸੂਡਾਨ ਅੰਬੈਸੀ, ਥਾਮਸ ਕੇਨੇਥ ਡਿਪਟੀ ਅੰਬੈਸਡਰ, ਦੱਖਣੀ ਸੂਡਾਨ ਅੰਬੈਸੀ, ਡਬਲਯੂ ਦੂਤਾਵਾਸ, ਡਬਲਯੂ. ਓਕੌ ਅੰਬੈਸੀ ਆਈਵਰੀ ਕੋਸਟ, ਸਹਿਰ ਸੇਦਕੁੱਲਾਅਫਗਾਨਿਸਤਾਨ ਦੂਤਾਵਾਸ, ਹੋਲਾ ਇੰਡੀਆ ਆਰਗੇਨਾਈਜੇਸ਼ਨ ਦੇ ਪ੍ਰਧਾਨ ਜੇਵੀਅਰ ਸੈਨਸੀਰਾ ਨੇ ਆਪਣੇ ਆਪਣੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਸਬੰਧੀ ਜ਼ਰੂਰਤਾਂ ਅਤੇ ਲੋੜੀਦੇ ਬਦਲਾਵਾਂ ’ਤੇ ਚਾਨਣਾ ਪਾਇਆ। ਇਸ ਵਿਚਾਰ-ਵਟਾਂਦਰੇ ਵਿਚ ਭਾਰਤ ਵਿਚ ਪੜ੍ਹ ਰਹੇ ਅਫ਼ਰੀਕੀ ਵਿਦਿਆਰਥੀਆਂ ਨੂੰ ਭਾਸ਼ਾ ਦੀ ਰੁਕਾਵਟ, ਖਾਣ ਪੀਣ, ਵਾਤਾਵਰਨ ਵਿਚ ਬਦਲਾਵਾਂ, ਬੇਗਾਨੇ ਦੇਸ਼ ਵਿਚ ਸਮਾਜਿਕ ਸੁਰੱਖਿਆ, ਨਵੇਂ ਲੋਕਾਂ ਵਿਚ ਆਪਣੇ ਆਪ ਨੂੰ ਢਾਲਣਾ ਅਤੇ ਸਭਿਆਚਾਰਕ ਬਦਲਾਵਾਂ ਜਿਹੇ ਮੁੱਦੇ ਮੁੱਖ ਰਹੇ।
ਅਫ਼ਰੀਕੀ ਡਿਪਲੋਮੈਟ ਦਾ ਕਹਿਣਾ ਸੀ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਸਭਿਆਚਾਰ, ਮੌਸਮ ਅਤੇ ਭਾਸ਼ਾ ਵੱਖ ਹੋਣ ਕਰਕੇ ਉਨ੍ਹਾਂ ਨੂੰ ਨਵੇਂ ਲੋਕਾਂ ਅਤੇ ਨਵੀ ਥਾਂ ਅਨੁਸਾਰ ਢਾਲਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਦੇ ਨਾਲ ਹੀ ਅਫ਼ਰੀਕੀ ਦੇਸ਼ਾਂ ਦੇ ਵਿਦਿਆਰਥੀ ਗਰੀਬ ਹੁੰਦੇ ਹਨ ਇਸ ਲਈ ਭਾਰਤੀ ਸਿੱਖਿਆ ਦੇ ਸਿਸਟਮ ਥੋੜੇ ਸਸਤੇ ਹੋਣੇ ਚਾਹੀਦੇ ਹਨ ਤਾਂ ਕਿ ਭਾਰਤ ਵਿਚ ਵੱਧ ਤੋਂ ਵੱਧ ਅਫ਼ਰੀਕੀ ਵਿਦਿਆਰਥੀ ਸਿੱਖਿਆ ਹਾਸਲ ਕਰਨ ਆਉਣ। ਨਾਰਵੇ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਦੀਆਂ 140 ਦੇ ਕਰੀਬ ਕੰਪਨੀਆਂ ਭਾਰਤ ਵਿਚ ਕੰਮ ਕਰਦੀਆਂ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਉਹ ਵਿਦਿਆਰਥੀ ਸਭ ਤੋਂ ਵੱਧ ਲੋੜੀਂਦੇ ਹਨ ਜਿਨ੍ਹਾਂ ਨੇ ਭਾਰਤ ਵਿਚ ਹੀ ਸਿੱਖਿਆ ਹਾਸਲ ਕੀਤੀ ਹੋਵੇ। ਇਸ ਤਰ੍ਹਾਂ ਨਾਰਵੇ ਦੇ ਵਿਦਿਆਰਥੀ ਭਾਰਤ ਵਿਚ ਹੀ ਸਿੱਖਿਆ ਹਾਸਲ ਕਰਕੇ ਬਿਹਤਰੀਨ ਨੌਕਰੀ ਦੇ ਮੌਕੇ ਲੱਭ ਸਕਦੇ ਹਨ। ਅਫ਼ਗ਼ਾਨਿਸਤਾਨ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਚ ਹੋਈ ਉਥੱਲ ਪਥੱਲ ਦੇ ਚੱਲਦਿਆਂ ਉਨ੍ਹਾਂ ਦੇ ਵਿਦਿਆਰਥੀ ਵੱਡੇ ਪੱਧਰ ’ਤੇ ਭਾਰਤ ਆ ਕੇ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ। ਜਦਕਿ ਪੁਰਾਣੇ ਵਿਦਿਆਰਥੀ ਵੀ ਵਾਪਸ ਨਾ ਜਾ ਕੇ ਇੱਥੇ ਹੀ ਸਿੱਖਿਆ ਹਾਸਲ ਕਰਨਾ ਚਾਹੁਦੇਂ ਹਨ।
ਸੀਜੀਸੀ ਦੇ ਮੁਖੀ ਰਛਪਾਲ ਸਿੰਘ ਧਾਲੀਵਾਲ ਨੇ ਵੱਖ ਵੱਖ ਦੇਸ਼ਾਂ ਦੇ ਬੁਲਾਰਿਆਂ ਵੱਲੋਂ ਦਿਤੇ ਗਏ ਸੁਝਾਵਾਂ ਨੂੰ ਸੰਪੂਰਨ ਤੋਰ ’ਤੇ ਮੰਨਦੇ ਹੋਏ ਕਿਹਾ ਕਿ ਕਿਉਂਕਿ ਝੰਜੇੜੀ ਕੈਂਪਸ ਵਿਚ ਵੱਡੀ ਗਿਣਤੀ ਵਿਚ ਵਿਦੇਸ਼ੀ ਵਿਦਿਆਰਥੀ ਪੜਦੇ ਹਨ ਇਸ ਲਈ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਛੇਤੀ ਤੋਂ ਛੇਤੀ ਨਿਬੇੜਿਆ ਜਾਂਦਾ ਹੈ। ਇਸ ਲਈ ਕੈਂਪਸ ਵਿਚ ਇਕ ਵੱਖਰਾ ਵਿਭਾਗ ਵੀ ਕੰਮ ਕਰਦਾ ਹੈ। ਇਸ ਦੇ ਨਾਲ ਵਿੱਤੀ ਤੌਰ ’ਤੇ ਕਮਜ਼ੋਰ ਪਰ ਪੜਾਈ ਵਿਚ ਚੰਗੀ ਪ੍ਰਤਿਭਾ ਦੇਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਾਲ ਵੀ ਪੰਜ ਕਰੋੜ ਦੀ ਸਕਾਲਰਸ਼ਿਪ ਵੰਡੀ ਗਈ। ਜਿਸ ਦਾ ਫ਼ਾਇਦਾ ਭਾਰਤੀ ਅਤੇ ਵਿਦੇਸ਼ੀ ਵਿਦਿਆਰਥੀਆਂ ਨੇ ਲਿਆ।
ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸਿੰਧਵਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸੀਜੀਸੀ ਝੰਜੇੜੀ ਕੈਂਪਸ ਉੱਤਰੀ ਭਾਰਤ ਦੇ ਉਨ੍ਹਾਂ ਬਿਹਤਰੀਨ ਕਾਲਜਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਜਿਸ ਨੂੰ ਬਿਹਤਰੀਨ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਲਈ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਨੌਕਰੀ ਦਿਵਾਉਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪੰਜਾਬ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਸੀਜੀਸੀ ਉਨ੍ਹਾਂ ਦੇ ਸੂਬੇ ਵਿਚ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਵਿਦਿਆਰਥੀਆਂ ਦਾ ਇੰਨੇ ਵੱਡੇ ਪੱਧਰ ’ਤੇ ਇੱਥੇ ਸਿੱਖਿਆ ਹਾਸਲ ਕਰਨ ਆਉਣਾ ਸਾਡੇ ਸੂਬੇ ਨੂੰ ਅੰਤਰਰਾਸ਼ਟਰੀ ਮਾਣ ਮਹਿਸੂਸ ਕਰਾਉਂਦਾ ਹੈ। ਉਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭਾਰਤੀ ਕਲਾਸਿਕ ਡਾਂਸ, ਸਮਕਾਲੀ ਡਾਂਸ ਅਤੇ ਪੰਜਾਬ ਦੀ ਸ਼ਾਨ ਭੰਗੜੇ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਅਖੀਰ ਵਿਚ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।