
ਕੈਪਟਨ ਸਰਕਾਰ ਦਾ ਆਖ਼ਰੀ ਬਜਟ ਜੁਮਲੇਬਾਜ਼ੀ ਨਾਲ ਭਰਪੂਰ : ਪਰਮਿੰਦਰ ਸਿੰਘ ਢੀਂਡਸਾ
ਕਿਹਾ, ਪੰਜਾਬ ਦੀਆਂ ਸਮਸਿਆਵਾਂ ਜਿਉਂ ਦੀਆਂ ਤਿਉਂ
ਚੰਡੀਗੜ੍ਹ, 8 ਮਾਰਚ (ਭੁੱਲਰ): ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਸਰਕਾਰ ਵਲੋਂ ਪੇਸ਼ ਕੀਤੇ ਗਏ ਆਖ਼ਰੀ ਬਜਟ ਨੂੰ ਸਿਆਸੀ ਲਾਹਾ ਲੈਣ ਲਈ ਅਤੇ 2022 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰਨ ਵਾਲਾ ਬਜਟ ਕਰਾਰ ਦਿਤਾ ਹੈ | ਹਾਲਾਂਕਿ ਸਰਕਾਰ ਨੇ ਇਸ ਵਾਰ ਪੰਜਾਬ ਦੇ ਮਾਲੀ ਹਾਲਾਤ ਦੀ ਇਕ ਬੇਹਤਰ ਤਸਵੀਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸਦ ੇ ਉਲਟ ਪਿਛਲੇ ਕੁੱਝ ਸਾਲਾਂ ਵਿਚ ਪੰਜਾਬ ਦੀ ਆਰਥਕ ਹਾਲਤ ਬੇਹੱਦ ਖ਼ਰਾਬ ਹੋਈ ਹੈ ਜਿਸ ਵਿਚ ਅਰਥਚਾਰੇ ਵਿਚ ਗਿਰਾਵਟ, ਸੂਬੇ ਸਿਰ ਕਰਜ਼ੇ ਤੋਂ ਇਲਾਵਾ ਵਿੱਤੀ ਘਾਟਾ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ਤਕ ਪਹੁੰਚ ਗਿਆ ਹੈ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਪੇਸ਼ ਕੀਤੇ ਇਸ ਆਖ਼ਰੀ
ਬਜਟ ਵਿਚ ਜੋ ਐਲਾਨ ਕੀਤੇ ਗਏ ਹਨ ਉਹ ਇਸ ਸਰਕਾਰ ਦੇ ਪਿਛਲੇ ਸਾਲਾਂ ਦੌਰਾਨ ਪੇਸ਼ ਕੀਤੇ ਬਜਟ ਦਾ ਕੇਵਲ ਦਹਰਾਉ ਅਤੇ ਅੰਕੜਿਆਂ ਦਾ ਫ਼ੇਰਬਦਲ ਹੀ ਹੈ | ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਆਖ਼ਰੀ ਬਜਟ ਹੈ ਜਿਸ ਵਿਚ ਕੇਵਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਲੋਕ ਲੁਭਾਊ ਰਖਿਆ ਗਿਆ ਹੈ | ਹਾਲਾਂਕਿ ਹਕੀਕਤ ਇਹ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਸਿਰ ਕਰਜ਼ਾ ਵੱਧ ਕੇ 2.60 ਲੱਖ ਕਰੋੜ ਰੁਪਏ ਹੋ ਗਿਆ ਹੈ | ਮੌਜੂਦਾ ਸਰਕਾਰ ਦੇ ਲੰਘੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਸਿਰ 70 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੜ੍ਹ ਗਿਆ ਹੈ | ਉਨ੍ਹਾ ਕਿਹਾ ਕਿ ਕਰਜ਼ੇ ਦੇ ਵੱਧਣ ਦੀ ਜੇਕਰ ਇਹੋ ਰਫ਼ਤਰ ਰਹੀ ਤਾਂ ਆਉਂਦੇ ਕੁੱਝ ਸਮੇਂ ਦੌਰਾਨ ਹੀ ਪੰਜਾਬ 'ਚ ਪ੍ਰਤੀ ਇਕ ਵਿਅਕਤੀ 'ਤੇ ਇੱਕ ਲੱਖ ਰੁਪਏ ਔਸਤਨ ਕਰਜ਼ਾ ਚੜ੍ਹ ਜਾਵੇਗਾ |
ਅਕਾਲੀ ਦਲ ਦੀ ਆਗੂ 'ਆਪ' ਵਿਚ ਸ਼ਾਮਲ
ਚੰਡੀਗੜ੍ਹ, 8 ਮਾਰਚ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ ਨੂੰ ਅੱਜ ਹੋਰ ਮਜ਼ਬੂਤੀ ਮਿਲੀ ਜਦੋਂ ਅਕਾਲੀ ਦਲ ਦੇ ਗੁਰਦਾਸਪੁਰ ਅਤੇ ਪਠਾਨਕੋਟ ਸਾਬਕਾ ਪ੍ਰਧਾਨ ਰੇਖਾ ਮਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ | ਰੇਖਾ ਮਨੀ ਸ਼ਰਮਾ ਗੁਰਦਾਸਪੁਰ ਅਤੇ ਪਠਾਨਕੋਟ ਸ਼ਹਿਰੀ ਜ਼ਿਲ੍ਹੇ ਦੀ ਪ੍ਰਧਾਨ ਅਤੇ ਦੋ ਸਾਲ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਦੀ ਪ੍ਰਧਾਨ ਰਹਿ ਚੁੱਕੀ ਹੈ | 'ਆਪ' ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ | ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਦਾ ਪਾਰਟੀ ਵਿੱਤੇਚ ਸਵਾਗਤ ਕੀਤਾ ਤੇ ਕਿਹਾ ਕਿ ਉਹ ਪਾਰਟੀ ਲਈ ਦਿਨ-ਰਾਤ ਕੰਮ ਕਰ ਕੇ ਪਾਰਟੀ ਨੂੰ ਮਜ਼ਬੂਤ ਬਣਾਉਣਗੇ | ਪਾਰਟੀ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ, ਪੂਰੀ ਲਗਨ ਅਤੇ ਮਿਹਨਤ ਨਾਲ ਕਰਨਗੇ |