
ਕਿਸਾਨਾਂ ਦੀ ਹਮਾਇਤ ਕਰਨ ਵਾਲੀ ਦਾਦੀ ‘ਮਹਿੰਦਰ ਕੌਰ’ ਨੂੰ ਕੇਜਰੀਵਾਲ ਨੇ ਕੀਤਾ ਸਨਮਾਨਤ
ਨਵੀਂ ਦਿੱਲੀ, 8 ਮਾਰਚ: ਅੱਜ ਪੂਰਾ ਦੇਸ਼ ਕੌਮਾਂਤਰੀ ਮਹਿਲਾ ਦਿਵਸ ਮਨਾ ਰਿਹਾ ਹੈ ਅਤੇ ਨਾਰੀ ਸ਼ਕਤੀ ਨੂੰ ਸਲਾਮ ਆਖ ਰਿਹਾ ਹੈ। ਮਹਿਲਾ ਦਿਵਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਸ਼ੁੱਭਕਾਮਨਾਵਾਂ ਦਿਤੀਆਂ। ਇਸ ਦੌਰਾਨ ਔਰਤਾਂ ਲਈ ਦਿੱਲੀ ਕਮਿਸ਼ਨ ਆਫ਼ ਵਿਮੈਨ ਵਲੋਂ ਇਕ ਖ਼ਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ’ਚ ਦੇਸ਼ ਦੀਆਂ ਬਹਾਦਰ ਔਰਤਾਂ ਨੂੰ ਸਨਮਾਨਤ ਕੀਤਾ ਗਿਆ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਦਾਦੀ ਮਾਂ ਮੋਹਿੰਦਰ ਕੌਰ ਨੂੰ ਬੇਮਿਸਾਲ ਸਾਹਸ ਦੀ ਮਿਸਾਲ ਦਿੰਦੇ ਹੋਏ ਕਿਸਾਨ ਅੰਦੋਲਨ ਨੂੰ ਸਮਥਰਨ ਦੇਣ ਲਈ ਸਨਮਾਨਤ ਕੀਤਾ ਗਿਆ।
ਪ੍ਰੋਗਰਾਮ ਵਿਚ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ ਚੰਦਰਯਾਨ ਮਿਸ਼ਨ ਦੀ ਵਿਗਿਆਨਕਾਂ ਨੂੰ ਪੁਲਾੜ ਖੇਤਰ ਵਿਚ ਭਾਰਤ ਦਾ ਨਾਮ ਰੋਸ਼ਨ ਕਰਨ ਲਈ ਮਹਿਲਾ ਦਿਵਸ ਮੌਕੇ ਸਨਮਾਨਤ ਕੀਤਾ।
ਪ੍ਰੋਗਰਾਮ ਦੌਰਾਨ ਅਪਣੇ ਸੰਬੋਧਨ ਵਿਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਦਿੱਲੀ ਕਮਿਸ਼ਨ ਆਫ਼ ਵਿਮੈਨ ਨੂੰ ਵਧਾਈ ਦੇਣਾ ਚਾਹਾਂਗਾ, ਜਿਨ੍ਹਾਂ ਨੇ ਆਮ ਲੋਕਾਂ ਦੇ ਖ਼ਾਸ ਕੰਮ ਨੂੰ ਜਨਤਾ ਤਕ ਪਹੁੰਚਾਉਣ ਦਾ ਬੀੜਾ ਚੁੱਕਿਆ। ਦੇਸ਼ ਭਰ ਤੋਂ ਅਜਿਹੇ ਹੀਰੇ ਚੁਣ ਕੇ ਲਿਆਂਦੇ ਹਨ, ਜਿਨ੍ਹਾਂ ਨੇ ਸਮਾਜ ਲਈ ਬਿਹਤਰੀ ਲਈ ਕੰਮ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਮਹਿਲਾ ਦਿਵਸ ਮੌਕੇ ਸਨਮਾਨਤ ਕੀਤਾ ਜਾਂਦਾ ਹੈ। (ਏਜੰਸੀ)
---