
ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦਿਤੇ ਜਾਣਗੇ
ਚੰਡੀਗੜ੍ਹ, 8 ਮਾਰਚ (ਸੁਰਜੀਤ ਸਿੰਘ ਸੱਤੀ): ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ 32 ਕਿਸਾਨ-ਜਥੇਬੰਦੀਆਂ ਵਲੋਂ ਪੰਜਾਬ ਭਰ ’ਚ 68 ਥਾਵਾਂ ’ਤੇ ਚਲਦੇ ਪੱਕੇ-ਮੋਰਚਿਆਂ ’ਚ ਵਿਸ਼ਾਲ-ਇਕੱਠ ਕੀਤੇ ਗਏ। ਰੇਲਵੇ-ਪਾਰਕਾਂ, ਰਿਲਾਇੰਸ-ਪੰਪਾਂ, ਕਾਰਪੋਰੇਟ-ਮਾਲਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲਾਏ ਮੋਰਚਿਆਂ ’ਚ ਸੰਬੋਧਨ ਕਰਦਿਆਂ ਮਹਿਲਾ-ਕਿਸਾਨ ਆਗੂਆਂ ਨੇ ਕੇਂਦਰ-ਸਰਕਾਰ ਨੂੰ ਚਿਤਾਵਨੀ ਦਿਤੀ ਕਿ ਦਿੱਲੀ ’ਚ ਚਲਦੇ ਕਿਸਾਨ-ਅੰਦੋਲਨ ਨੂੰ ਜਿੰਨਾ ਲੰਮਾ ਚਲਾਉਣ ਦੀ ਜ਼ਰੂਰਤ ਪਈ, ਮਹਿਲਾਵਾਂ ਮਰਦਾਂ ਬਰਾਬਰ ਸਹਿਯੋਗ ਦੇਣਗੀਆਂ ਪਰ ਕੇਂਦਰ-ਸਰਕਾਰ ਦੇ ਕਾਨੂੰਨ ਲਾਗੂ ਨਹੀਂ ਹੋਣ ਦਿਤੇ ਜਾਣਗੇ। ਕਿਸਾਨ-ਮੋਰਚਿਆਂ ’ਚ ਮੰਚ-ਸੰਚਾਲਨ ਤੋਂ ਲੈ ਕੇ ਸਾਰੇ ਪ੍ਰਬੰਧ ਔਰਤਾਂ ਦੇ ਹੱਥਾਂ ’ਚ ਦਿਤੇ ਗਏ ਸਨ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ’ਚ ਔਰਤਾਂ ਦੇ ਹੋਏ ਵਿਸ਼ਾਲ ਇਕੱਠਾਂ ਨੇ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਹੈ।
ਕੇਂਦਰ-ਸਰਕਾਰ ਵਿਰੁਧ ਲੋਕ-ਰੋਹ ਦਿਨੋ-ਦਿਨ ਮਜ਼ਬੂਤ ਹੋ ਰਿਹਾ ਹੈ ਪਰ ਸਰਕਾਰ ਬੇਸ਼ਰਮੀ ਕਾਰਨ ਅਪਣੀ ਹਾਰ ਕਬੂਲ ਨਹੀਂ ਕਰ ਰਹੀ ਹੈ, ਪਰ ਕਿਸਾਨ ਅਪਣੇ ਮਿੱਥੇ ਟੀਚੇ ਹਾਸਲ ਕਰਕੇ ਹੀ ਰਹਿਣਗੇ। ਮਹਿਲਾ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਧਰਨਿਆਂ ਵਿਚ ਸ਼ਮੂਲੀਅਤ ਤੋਂ ਇਲਾਵਾ ਧਰਨਾ-ਸਥਾਨਾਂ ’ਤੇ ਲੰਗਰ ਪਾਣੀ ਦੀ ਸੇਵਾ ਤੋਂ ਇਲਾਵਾ ਪਿੱਛੇ ਘਰ ਅਤੇ ਖੇਤਾਂ ਵਿਚਲੇ ਕੰਮਾਂ ਵਿਚ ਵੀ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ।
ਦਿੱਲੀ ਵਲ ਜਾਂਦੀਆਂ ਟਕੈਰਟਰ ਟਰਾਲੀਆਂ ਦੀਆਂ ਵਹੀਰਾਂ ਵਿਚ ਕਈ ਟਰੈਕਟਰਾਂ ਦੇ ਸਟੇਰਿੰਗ ਔਰਤਾਂ ਵਲੋਂ ਸੰਭਾਲਣ ਦੇ ਦਿ੍ਰਸ਼ ਆਮ ਵੀ ਵੇਖੇ ਜਾ ਸਕਦੇ ਹਨ।
ਔਰਤਾਂ ਦੇ ਇਸੇ ਜ਼ਜ਼ਬੇ ਨੂੰ ਵੇਖਦਿਆਂ ਵਿਸ਼ਵ ਪ੍ਰਸਿੱਧ ਰਸਾਲੇ ਟਾਈਮ ਮੈਗਜ਼ੀਨ ਨੇ ਕਵਰ ਪੇਜ਼ ’ਤੇ ਕਿਸਾਨੀ ਅੰਦੋਲਨ ਵਿਚ ਸ਼ਾਮਲ ਬੀਬੀਆਂ ਨੂੰ ਜਗ੍ਹਾ ਵੀ ਦਿਤੀ ਹੈ। ਮੈਗਜ਼ੀਨ ਦੇ ਕਵਰ ਪੇਜ਼ ’ਤੇ ਇਨ੍ਹਾਂ ਬੀਬੀਆਂ ਨੂੰ ਥਾਂ ਮਿਲਣਾ ਔਰਤਾਂ ਲਈ ਵੱਡੇ ਮਾਣ ਵਾਲੀ ਗੱਲ ਹੈ।