
ਪੰਜਾਬ ਨਾਲ ਧੋਖਾ ਹੈ ਮੁੱਖ ਮੰਤਰੀ ਚੰਨੀ ਅਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ : ਚੀਮਾ
ਕਿਹਾ, ਭਾਖੜਾ ਬੋਰਡ ਅਤੇ ਚੰਡੀਗੜ੍ਹ 'ਚੋਂ ਹਿੱਸੇਦਾਰੀ ਖ਼ਤਮ ਕਰਨ 'ਤੇ ਚੰਨੀ, ਕੈਪਟਨ ਅਤੇ ਢੀਂਡਸਾ ਨੇ ਕਿਉਂ ਧਾਰੀ ਰੱਖੀ ਚੁੱਪ?
ਚੰਡੀਗੜ੍ਹ, 8 ਮਾਰਚ (ਨਰਿੰਦਰ ਸਿੰਘ ਝਾਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਨੂੰ 'ਪੰਜਾਬ ਨਾਲ ਧੋਖਾ' ਦਿੰਦਿਆਂ ਕਿਹਾ ਕਿ ਕਾਂਗਰਸ, ਕੈਪਟਨ, ਭਾਰਤੀ ਜਨਤਾ ਪਾਰਟੀ ਅਤੇ ਬਾਦਲਾਂ ਨੇ ਹਮੇਸ਼ਾ ਪੰਜਾਬ ਵਿਰੋਧੀ ਨੀਤੀਆਂ ਅਤੇ ਸਾਜ਼ਸ਼ਾਂ ਲਾਗੂ ਕੀਤੀਆਂ ਹਨ | ਚੀਮਾ ਨੇ ਦੋਸ਼ ਲਾਇਆ ਕਿ ਚੰਨੀ ਅਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਭਾਖੜਾ ਬਿਆਸ ਪ੍ਰਬੰਧਕੀ ਕਮੇਟੀ ਅਤੇ ਚੰਡੀਗੜ੍ਹ ਮਸਲੇ ਬਾਰੇ ਮੁਲਾਕਾਤ ਤਾਂ ਇਕ ਬਹਾਨਾ ਹੈ, ਅਸਲ 'ਚ ਇਹ ਆਗੂ ਰਲਮਿਲ ਕੇ ਪੰਜਾਬ ਵਿਚ 'ਆਪ' ਦੀ ਸਰਕਾਰ ਦਾ ਰਾਹ ਰੋਕਣ ਲਈ ਚਾਰਾਜ਼ੋਈ ਕਰ ਰਹੇ ਹਨ |
ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਅਤੇ ਚੰਡੀਗੜ੍ਹ ਵਿਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਦੇ ਮਾਮਲੇ ਪਿਛਲੇ ਕਾਫ਼ੀ ਦਿਨਾਂ ਤੋਂ ਲੋਕਾਂ ਸਾਹਮਣੇ ਹਨ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾ ਦੇ ਪਰਦੇ 'ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਅਮਲ ਵਿਚ ਲਿਆਂਦੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਦੀਆਂ ਪੰਜਾਬ ਵਿਰੁਧ ਧੱਕੇਸ਼ਾਹੀਆਂ ਵਿਰੁਧ ਮੂੰਹ ਨਹੀਂ ਖੋਲਿ੍ਹਆ, ਸਗੋਂ ਇਨ੍ਹਾਂ ਆਗੂਆਂ ਨੇ ਰਹਿਸਮਈ ਚੁੱਪ ਧਾਰ ਰੱਖੀ | ਹੁਣ ਜਦੋਂ ਸਾਰੇ ਚੋਣ ਸਰਵੇਖਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਹਨ ਤਾਂ ਇਹ ਰਵਾਇਤੀ ਪਾਰਟੀਆਂ ਦੇ ਆਗੂ ਮੁੜ ਪੰਜਾਬ ਅਤੇ ਆਮ ਆਦਮੀ ਪਾਰਟੀ ਵਿਰੁਧ ਸਾਜ਼ਸ਼ਾਂ ਕਰਨ ਲਈ ਇੱਕਠੇ ਹੋ ਰਹੇ ਹਨ |
ਚੀਮਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਮੁੱਦਿਆਂ ਬਾਰੇ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਤਾਂ ਜਿਹੜਾ ਮਸਲਾ ਹੱਲ ਕਰਵਾਇਆ ਹੈ ਉਸ ਦੀ ਜਾਣਕਾਰੀ ਪੰਜਾਬ ਵਾਸੀਆਂ ਨੂੰ ਦੇਣ, ਕਿਉਂਕਿ ਪਿਛਲੀ ਮੁਲਾਕਾਤ ਦੌਰਾਨ ਮੁੱਖ ਮੰਤਰੀ ਚੰਨੀ ਅਮਿਤ ਸ਼ਾਹ ਨਾਲ ਬੈਠਕ ਕਰ ਕੇ ਅੱਧਾ ਪੰਜਾਬ ਕੇਂਦਰ ਸਰਕਾਰ ਹਵਾਲੇ ਕਰ ਆਏ ਸਨ ਅਤੇ ਬੀ.ਐਸ.ਐਫ਼ ਨੇ ਭਾਰਤ- ਪਾਕਿਸਤਾਨ ਸਰਹੱਦ ਤੋਂ ਲੈ ਕੇ 50 ਕਿਲੋਮੀਟਰ ਤਕ ਦੇ ਪੰਜਾਬ ਨੂੰ ਅਪਣੇ ਕਬਜ਼ੇ 'ਚ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਮੁੱਖ ਮੰਤਰੀ ਚੰਨੀ ਸਮੇਤ ਕੈਪਟਨ ਅਮਰਿੰਦਰ ਸਿੰਘ ਦੀਆਂ ਬਾਂਹਾਂ ਮਰੋੜੀਆਂ ਹੋਈਆਂ ਹਨ ਅਤੇ ਇਹ ਆਗੂ ਅਪਣੇ ਆਪ ਨੂੰ ਬਚਾਉਣ ਲਈ ਮੋਦੀ ਸਰਕਾਰ ਦੇ ਪੰਜਾਬ ਵਿਰੋਧੀ ਫ਼ੈਸਲਿਆਂ 'ਤੇ ਚੁੱਪ ਵੱਟੀ ਬੈਠੇ ਰਹੇ ਹਨ |