
'ਪਿੰਡਾਂ ਦੀਆਂ ਪੰਚਾਇਤਾਂ ਰਲ ਕੇ ਨੇੜੇ ਦੀਆਂ ਗਊਸ਼ਾਲਾਵਾਂ ਨੂੰ ਅਪਣਾਉਣ'
ਚੰਡੀਗੜ੍ਹ, 8 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਸੂਬੇ ਦੇ ਦਾਨੀ ਪੁਰਸ਼ਾਂ ਖਾਸ ਕਰ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀਆਂ ਗਊਸ਼ਾਲਾਵਾਂ ਵਿਚ ਲੋਂੜੀਦਾ ਹਰਾ ਚਾਰਾ, ਤੂੜੀ ਅਤੇ ਹੋਰ ਖ਼ੁਰਾਕੀ ਵਸਤਾਂ ਪਹੁੰਚਾਉਣ ਲਈ ਅੱਗੇ ਆਉਣ ਤਾਕਿ ਕਿਸੇ ਵੀ ਗਊਸ਼ਾਲਾ ਵਿਚ ਕੋਈ ਪਸ਼ੂ ਭੁੱਖਾ ਨਾ ਮਰੇ।
File photo
ਉਨ੍ਹਾਂ ਕਿਹਾ ਕਿ ਇਸ ਅਤਿਅੰਤ ਸੰਕਟ ਦੀ ਘੜੀ ਵਿਚ ਸਾਡਾ ਸੱਭ ਦਾ ਇਹ ਪਰਮ ਧਰਮ ਹੈ ਕਿ ਗਊਆਂ ਦੀਆਂ ਜਾਨਾਂ ਬਚਾਉਣ ਲਈ ਅਪਣੀ ਕਿਰਤ ਕਮਾਈ ਵਿਚੋਂ ਕੁੱਝ ਨਾ ਕੁੱਝ ਜ਼ਰੂਰ ਦੇਈਏ। ਸ੍ਰੀ ਬਾਜਵਾ ਨੇ ਕਿਹਾ ਕਿ ਸੂਬੇ ਦੇ ਕਈ ਥਾਵਾਂ ਤੋਂ ਇਹ ਰੀਪੋਰਟਾਂ ਮਿਲ ਰਹੀਆਂ ਹਨ ਕਿ ਗਊਸ਼ਾਲਾਵਾਂ ਵਿਚ ਲੋਂੜੀਦਾ ਹਰਾ ਚਾਰਾ ਨਹੀਂ ਪਹੁੰਚ ਰਿਹਾ ਅਤੇ ਪਹਿਲਾਂ ਤੋਂ ਭੰਡਾਰ ਕੀਤੀ ਗਈ ਤੂੜੀ ਵੀ ਮੁੱਕ ਗਈ ਹੈ। ਉਨ੍ਹਾਂ ਗਊਸ਼ਾਲਾਵਾਂ ਦਾ ਹੋਰ ਵੀ ਮਾੜਾ ਹਾਲ ਹੈ ਜਿਹੜੀਆਂ ਸਿਰਫ਼ ਦਾਨੀਆਂ ਵਲੋਂ ਦਿਤੇ ਗਏ ਦਾਨ ਦੇ ਸਹਾਰੇ ਹੀ ਚਲਦੀਆਂ ਹਨ। ਸੂਬੇ ਵਿਚ ਕਰਫ਼ਿਊ ਲੱਗਿਆ ਹੋਣ ਕਾਰਨ ਸ਼ਰਧਾਲੂ ਅਤੇ ਗਊ ਭਗਤ ਦਾਨ ਕਰਨ ਲਈ ਗਊਸ਼ਾਲਾਵਾਂ ਵਿਚ ਨਹੀਂ ਜਾ ਸਕਦੇ ਜਿਸ ਦੇ ਸਿੱਟੇ ਵਜੋਂ ਗਊਆਂ ਭੁੱਖੀਆਂ ਮਰਨ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਪ੍ਰਬੰਧਕਾਂ ਨੇ ਗਊਸ਼ਾਲਾਵਾਂ ਦੇ ਗੇਟ ਖੋਲ੍ਹ ਕੇ ਗਊਆਂ ਬਾਹਰ ਕੱਢ ਦਿਤੀਆਂ ਹਨ।