
ਬਲਜੀਤ ਅਤੇ ਬਲਕਾਰ ਵਿਚਕਾਰ ਕੋਰੋਨਾ ਭਜਾਉਣ ਲਈ ਤਾੜੀਆਂ-ਥਾਲੀਆਂ ਵਜਾਉਣ ਅਤੇ ਮੋਮਬੱਤੀਆਂ-ਦੀਵੇ ਬਾਲਣ ਦੇ ਸਰਕਾਰੀ ਹੁਕਮਾਂ 'ਤੇ ਗਰਮਾ-ਗਰਮ ਬਹਿਸ ਹੁੰਦੀ ਪਈ ਸੀ
ਬਲਜੀਤ ਅਤੇ ਬਲਕਾਰ ਵਿਚਕਾਰ ਕੋਰੋਨਾ ਭਜਾਉਣ ਲਈ ਤਾੜੀਆਂ-ਥਾਲੀਆਂ ਵਜਾਉਣ ਅਤੇ ਮੋਮਬੱਤੀਆਂ-ਦੀਵੇ ਬਾਲਣ ਦੇ ਸਰਕਾਰੀ ਹੁਕਮਾਂ 'ਤੇ ਗਰਮਾ-ਗਰਮ ਬਹਿਸ ਹੁੰਦੀ ਪਈ ਸੀ। ਭਗਤੀ ਰੰਗ ਵਿਚ ਰੰਗਿਆ ਬਲਜੀਤ ਗ੍ਰੰਥਾਂ ਵੇਦਾਂ ਵਿਚੋਂ ਉਦਾਹਰਣਾਂ ਦੇ ਕੇ ਸਮਝਾ ਰਿਹਾ ਸੀ ਕਿ ਇਨ੍ਹਾਂ ਕੰਮਾਂ ਨਾਲ ਸੰਸਾਰ ਵਿਚ ਨਵਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਹਰ ਤਰ੍ਹਾਂ ਦੇ ਵਿਸ਼ਾਣੂ ਖ਼ਤਮ ਹੋ ਜਾਂਦੇ ਹਨ। ਦੂਜੇ ਪਾਸੇ ਬਲਕਾਰ ਉਸ ਦੀਆਂ ਗੱਲਾਂ ਤੋਂ ਖਿਝ ਕੇ ਕਹਿ ਰਿਹਾ ਸੀ ਕਿ ਇਹ ਸੱਭ ਜਨਤਾ ਨੂੰ ਮੂਰਖ ਬਣਾਉਣ ਦੇ ਨੁਸਖੇ ਹਨ। ਜੇ ਇਸ ਤਰ੍ਹਾਂ ਕਰਨ ਨਾਲ ਕੋਰੋਨਾ ਵਾਇਰਸ ਖ਼ਤਮ ਹੁੰਦਾ ਹੋਵੇ ਤਾਂ ਫਿਰ ਲੱਖਾਂ ਡਾਕਟਰਾਂ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਅਤੇ ਤਾਲਾਬੰਦੀ ਕਰਨ ਦੀ ਕੀ ਜ਼ਰੂਰਤ ਹੈ? ਹਸਪਤਾਲਾਂ ਵਿਚ ਡਾਕਟਰਾਂ ਦੀ ਬਜਾਏ ਬੈਂਡ-ਵਾਜੇ ਵਾਲੇ ਅਤੇ ਆਤਿਸ਼ਬਾਜ਼ ਭਰਤੀ ਕਰ ਲਏ ਜਾਣੇ ਚਾਹੀਦੇ ਹਨ।
ਦੋਵੇਂ ਆਪੋ ਅਪਣੀ ਗੱਲ 'ਤੇ ਅੜੇ ਹੋਏ ਸਨ। ਬਹਿਸ ਏਨੀ ਵੱਧ ਗਈ ਕਿ ਘਸੁੰਨੋ-ਘਸੁੰਨੀ ਹੋਣ ਤਕ ਦੀ ਨੌਬਤ ਆ ਗਈ। ਜਦੋਂ ਉਹ ਨਾ ਹੀ ਹਟੇ ਤਾਂ ਕੋਲ ਬੈਠੇ ਸਿਆਣਾ ਬੰਦੇ ਚਰਨਜੀਤ ਨੇ ਡਾਂਟਿਆ, “ਆਪਸ ਵਿਚ ਕਿਉਂ ਮੂਰਖਾਂ ਵਾਂਗ ਲੜੀ ਜਾਂਦੇ ਹੋ? ਇਹੀ ਤਾਂ ਸਰਕਾਰ ਚਾਹੁੰਦੀ ਹੈ।” “ਹੈਂਅ! ਉਹ ਕਿਵੇਂ?” ਦੋਵਾਂ ਨੇ ਹੈਰਾਨੀ ਨਾਲ ਉਸ ਵਲ ਵੇਖਿਆ।
File photo
“ਉਹ ਇਵੇਂ ਕਿ ਜਿਵੇਂ ਤੁਸੀਂ ਦੋਵੇਂ ਭੰਬਲਭੂਸੇ ਵਿਚ ਪਏ ਹੋਏ ਹੋ ਸਰਕਾਰ ਦੀ ਕੂਟਨੀਤੀ ਹੈ ਕਿ ਆਮ ਜਨਤਾ ਦੀ ਭਲਾਈ, ਬੇਰੁਜ਼ਗਾਰ ਹੋ ਕੇ ਘਰੀਂ ਬੈਠੇ ਗ਼ਰੀਬਾਂ ਦੀ ਦਾਲ-ਰੋਟੀ ਦਾ ਪ੍ਰਬੰਧ ਕਰਨ ਅਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਆਦਿ ਦੇਣ ਦੀ ਬਜਾਏ ਲੋਕਾਂ ਨੂੰ ਇਨ੍ਹਾਂ ਬਿਨ ਸਿਰ-ਪੈਰ ਦੀਆਂ ਅਹਿਮਕਾਨਾ ਗੱਲਾਂ ਵਿਚ ਅਜਿਹਾ ਉਲਝਾਉ ਕਿ ਉਹ ਸੱਭ ਕੁੱਝ ਭੁੱਲ ਕੇ ਕਰਫ਼ੀਊ ਵਿਚ ਮੋਮਬੱਤੀਆਂ ਅਤੇ ਦੀਵੇ ਲਭਦੇ ਫਿਰਨ।
ਹੁਣ ਕੁੱਝ ਦਿਨਾਂ ਤਕ ਜਨਤਾ ਅਤੇ ਮੀਡੀਆ ਆਈ.ਸੀ.ਯੂ., ਵੈਂਟੀਲੇਟਰਾਂ, ਸੈਨੀਟਾਈਜ਼ਰ ਅਤੇ ਸਰਜੀਕਲ ਦਸਤਾਨਿਆਂ ਦੀ ਕਮੀ ਬਾਰੇ ਭੁੱਲ ਕੇ ਤਾੜੀਆਂ ਅਤੇ ਦੀਵਿਆਂ ਦੀ ਘੁੰਮਣਘੇਰੀ ਵਿਚ ਫਸੇ ਰਹਿਣਗੇ। ਨਿਊਜ਼ ਚੈਨਲਾਂ 'ਤੇ ਇਸ ਸਬੰਧੀ ਗਰਮਾ-ਗਰਮ ਬਹਿਸਾਂ ਹੋਣਗੀਆਂ। ਬਿੱਲੀਆਂ ਦੀ ਲੜਾਈ ਵਿਚ ਬਾਂਦਰ ਮੌਜਾਂ ਕਰਨਗੇ।” ਚਰਨਜੀਤ ਦੀ ਗੱਲ ਸੁਣ ਕੇ ਦੋਵੇਂ ਡੂੰਘੀ ਸੋਚ ਵਿਚ ਪੈ ਗਏ।
-ਬਲਰਾਜ ਸਿੰਘ ਸਿੱਧੂ ਐਸ.ਪੀ., ਸੰਪਰਕ : 95011-00062