
ਕੁਲਤਾਰ ਸਿੰਘ ਸੰਧਵਾਂ ਨੇ ਖ਼ੁਦ ਨੂੰ ਹੀ ਕੀਤਾ ਘਰ 'ਚ ਇਕਾਂਤਵਾਸ!
ਕੋਟਕਪੂਰਾ (ਗੁਰਿੰਦਰ ਸਿੰਘ) : ਫ਼ਰੀਦਕੋਟ ਸ਼ਹਿਰ ਨਾਲ ਸਬੰਧਤ ਕੋਰੋਨਾ ਪਾਜ਼ੇਟਿਵ ਆਏ ਦੂਜੇ ਕੇਸ ਤੋਂ ਬਾਅਦ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਖ਼ੁਦ ਨੂੰ ਘਰ 'ਚ ਬੰਦ ਅਰਥਾਤ ਹੋਮ ਕੋਆਰਟਾਇਨ ਕਰ ਲਿਆ ਹੈ। ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਕਤ ਪੀੜਤ ਵਿਅਕਤੀ ਦੀ ਪੂਰੀ ਪੜਤਾਲ ਕਰਦਿਆਂ ਇਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਪਰ ਵਿਧਾਇਕ ਸੰਧਵਾਂ ਨੇ ਪਹਿਲਕਦਮੀ ਕਰਦੇ ਹੋਏ ਅਪਣੇ ਆਪ ਨੂੰ ਖ਼ੁਦ ਹੀ ਘਰ 'ਚ ਬੰਦ ਕਰ ਲਿਆ ਹੈ।
File photo
ਇਸ ਸਬੰਧੀ 'ਚ ਸਪੋਕਸਮੈਨ ਵਲੋਂ ਕੁਲਤਾਰ ਸਿੰਘ ਸੰਧਵਾਂ ਨਾਲ ਫ਼ੋਨ ਰਾਹੀਂ ਸੰਪਰਕ ਕਰਨ 'ਤੇ ਉਨ੍ਹਾਂ ਦਸਿਆ ਕਿ ਉਕਤ ਵਿਅਕਤੀ ਉਸ ਦਾ ਰਿਸ਼ਤੇਦਾਰ ਵੀ ਹੈ ਤੇ ਕੁਝ ਦਿਨ ਪਹਿਲਾਂ ਇਕ ਸ਼ੋਕ ਸਮਾਗਮ ਤੇ ਉਸ ਦੇ ਸੰਪਰਕ ਵਿਚ ਆਇਆ ਸੀ, ਜਿਸ ਨੂੰ ਧਿਆਨ ਵਿਚ ਰਖਦੇ ਹੋਏ ਉਨ੍ਹਾਂ ਏਕਾਂਤਵਾਸ ਜਾਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦਸਿਆ ਕਿ ਅਪਣੇ ਇਸ ਫ਼ੈਸਲੇ ਸਬੰਧੀ ਉਨ੍ਹਾਂ ਐਸ.ਡੀ.ਐਮ. ਕੋਟਕਪੂਰਾ ਨੂੰ ਮੇਲ ਰਾਹੀਂ ਜਾਣੂ ਕਰਵਾ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਇਸ ਸਬੰਧੀ ਜੋ ਵੀ ਨਿਰਦੇਸ਼ ਦਿਤੇ ਜਾਣਗੇ,
ਉਹ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਜ਼ਿਕਰਯੋਗ ਹੈ ਕਿ ਕੁਲਤਾਰ ਸਿੰਘ ਸੰਧਵਾਂ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਅਤੇ ਨੇੜਲੇ ਪਿੰਡ ਸੰਧਵਾਂ ਦੇ ਵਸਨੀਕ ਹਨ। ਮੇਜਰ ਅਮਿਤ ਸਰੀਨ ਐਸ.ਡੀ.ਐਮ. ਕੋਟਕਪੂਰਾ ਨੇ ਵਿਧਾਇਕ ਸੰਧਵਾਂ ਦੇ ਉਕਤ ਫ਼ੈਸਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸਾਰਿਆਂ ਨੂੰ ਹੀ ਇਸ ਤਰ੍ਹਾਂ ਦੀ ਦੂਰਅੰਦੇਸ਼ੀ ਵਾਲੀ ਸੋਚ ਰਖਣੀ ਚਾਹੀਦੀ ਹੈ।