
ਸਾਰੇ ਮੁਹੱਲੇ ਦੀ ਰੌਣਕ ਹੈ ਮਾਤਾ। ਗਲੀ ਵਿਚ ਬੈਠ ਹਰ ਆਏ ਗਏ ਦਾ ਹਾਲ ਪੁਛਣਾ ਤੇ ਸਦਾ ਅਸੀਸਾਂ ਦਿੰਦੇ ਰਹਿੰਦੇ ਹਨ
ਸਾਰੇ ਮੁਹੱਲੇ ਦੀ ਰੌਣਕ ਹੈ ਮਾਤਾ। ਗਲੀ ਵਿਚ ਬੈਠ ਹਰ ਆਏ ਗਏ ਦਾ ਹਾਲ ਪੁਛਣਾ ਤੇ ਸਦਾ ਅਸੀਸਾਂ ਦਿੰਦੇ ਰਹਿੰਦੇ ਹਨ। ਧਾਰਮਕ ਅਕੀਦੇ ਤੋਂ ਇਲਾਵਾ ਅਖ਼ਬਾਰ ਪੜ੍ਹਨਾ ਤੇ ਟੀ.ਵੀ. ਵੇਖਣਾ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਵਿਚ ਸ਼ਾਮਲ ਹੈ। ਹਰ ਵਿਸ਼ੇ 'ਤੇ ਉਨ੍ਹਾਂ ਦੀ ਚੰਗੀ ਪਕੜ ਹੈ। ਸਦਾ ਖ਼ੁਸ਼ ਰਹਿਣਾ ਤੇ ਮਿਲਣ ਵਾਲੇ ਨੂੰ ਵੀ ਉਤਸ਼ਾਹਿਤ ਕਰਦੇ ਰਹਿੰਦੇ। ਪਰ ਹੁਣ ਕੁੱਝ ਦਿਨ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਉਦਾਸ ਹੋ ਗਏ ਹਨ।
ਬੋਲਣਾ-ਚਲਣਾ ਘੱਟ ਗਿਆ ਅਤੇ ਖਾਣ-ਪੀਣ ਵਲੋਂ ਵੀ ਅਵੇਸਲੇ ਹੋ ਗਏ ਹਨ। ਅਚਾਨਕ ਆਈ ਇਸ ਤਬਦੀਲੀ ਕਾਰਨ ਸੱਭ ਨੂੰ ਝਟਕਾ ਲਗਿਆ। ਪਤਾ ਲੱਗਣ 'ਤੇ ਮੈਂ ਵੀ ਹਾਲ ਜਾਣਨ ਲਈ ਗਿਆ। ਉਨ੍ਹਾਂ ਦੀ ਉਦਾਸੀ ਵੇਖ ਖੇੜੇ ਵਿਚ ਲਿਆਉਣ ਲਈ, ਉਨ੍ਹਾਂ ਦੀਆਂ ਗੱਲਾਂ ਨੂੰ ਯਾਦ ਕਰਾਇਆ ਪਰ ਉਨ੍ਹਾਂ ਦੀ ਸੁਰਤ ਕਿਤੇ ਹੋਰ ਹੀ ਸੀ। ਹੌਲੀ ਹੌਲੀ ਅਪਣਾ ਦਰਦ ਬਿਆਨ ਕਰਨ ਲੱਗੇ, “ਸਮਾਜਕ ਦੂਰੀ ਨੇ ਮਨ ਖ਼ਰਾਬ ਕਰ ਦਿਤੈ। ਅਪਣੇ ਹੀ ਇਕ-ਦੂਜੇ ਤੋਂ ਲੁਕਣ ਲੱਗੇ ਹਨ। ਕੋਰੋਨਾ ਪੀੜਤਾਂ ਦੀਆਂ ਮੌਤਾਂ ਅਤੇ ਸਮਾਜ ਵਲੋਂ ਉਨ੍ਹਾਂ ਨਾਲ ਹੁੰਦੇ ਵਿਹਾਰ ਨੇ ਡਰਾ ਦਿਤਾ ਹੈ।
ਪੁੱਤਰ, ਮਰਨਾ ਤਾਂ ਇਕ ਦਿਨ ਸੱਭ ਨੇ ਹੈ, ਪਰ ਮਹਾਂਪੁਰਸ਼ ਵਰਗੇ ਇਨਸਾਨ ਨਾਲ ਲੋਕਾਂ ਇਹ ਕੀਤਾ ਤਾਂ ਆਮ ਲੋਕਾਂ ਨਾਲ ਕਿਹੋ ਜਿਹਾ ਹੋਵੇਗਾ। ਇਹੋ ਜਿਹੀ ਮੌਤ ਤਾਂ ਰੱਬ ਕਿਸੇ ਨੂੰ ਵੀ ਨਾ ਦੇਵੇ। ਮਰਨ ਨੂੰ ਤਾਂ ਭਾਵੇਂ ਅੱਜ ਮਰ ਜਾਈਏ ਪਰ 'ਉਹ' ਨਾ ਹੋਵੇ।'' ਮਾਤਾ ਨੇ ਭਰੇ ਹੋਏ ਮਨ ਅਪਣੀ ਗੱਲ ਮਸਾਂ ਹੀ ਪੂਰੀ ਕੀਤੀ। ਮਨ ਵਿਚਲੇ ਡਰ ਕਾਰਨ ਉਹ ਕੋਰੋਨਾ ਦਾ ਨਾਂ ਲੈਣ ਤੋਂ ਵੀ ਝਿਜਕ ਗਈ ਸੀ। ਮੈਂ ਉਨ੍ਹਾਂ ਨੂੰ ਹੌਸਲਾ ਰੱਖਣ ਲਈ ਕਹਿ ਰਿਹਾ ਸੀ ਪਰ ਹਾਲਾਤ ਨੇ ਮੇਰੇ ਅੰਦਰ ਵੀ ਕੰਬਣੀ ਛੇੜ ਦਿਤੀ ਸੀ।
-ਗੁਰਮੀਤ ਸਿੰਘ ਮਰਾੜ੍ਹ, ਸੰਪਰਕ : 95014-00397