
ਕੋਵਿਡ-19 ਦੇ ਖਤਰੇ ਤੋਂ ਬਚਣ ਲਈ ਅਤੇ ਘਰ 'ਚ ਦਾਖ਼ਲ ਹੋਣ ਤੋਂ ਪਹਿਲਾਂ, ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਤੌਰ 'ਤੇ ਕੀਤੀ ਜਾਣੀ
ਚੰਡੀਗੜ੍ਹ(ਸਪੋਕਸਮੈਨ ਟੀ.ਵੀ.):ਕੋਵਿਡ-19 ਦੇ ਖਤਰੇ ਤੋਂ ਬਚਣ ਲਈ ਅਤੇ ਘਰ 'ਚ ਦਾਖ਼ਲ ਹੋਣ ਤੋਂ ਪਹਿਲਾਂ, ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਤੌਰ 'ਤੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਸੀਂ ਪਰਿਵਾਰਕ ਮੈਂਬਰਾਂ ਨੂੰ ਵੱਧ ਤੋਂ ਵੱਧ ਸੁੱਖਿਅਤ ਕਰ ਸਕੀਏ। ਸਿਰਫ ਸਾਵਧਾਨੀ ਵਰਤ ਕੇ ਹੀ ਘਰ ਨੂੰ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਇਆ ਜਾ ਸਕਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਦੋਂ ਕੋਈ ਵੀ ਵਿਅਕਤੀ ਬਾਹਰੋਂ ਆਪਣੇ ਘਰ ਵਾਪਸ ਆਉਂਦਾ ਹੈ ਤਾਂ ਉਸ ਵਲੋਂ ਘਰ ਵਿਚ ਆ ਕੇ ਕਿਸੇ ਵੀ ਚੀਜ਼ ਨੂੰ ਹੱਥ ਨਾ ਲਗਾਇਆ ਜਾਵੇ ਅਤੇ ਸੱਭ ਤੋਂ ਪਹਿਲਾਂ ਆਪਣੇ ਜੁੱਤੇ ਉਤਾਰੇ ਜਾਣ। ਜੇਕਰ ਪਾਲਤੂ ਜਾਨਵਰ ਨੂੰ ਬਾਹਰੋਂ ਸੈਰ ਕਰਵਾ ਕੇ ਆਏ ਹੋ ਤਾਂ ਉਸਦੇ ਪੰਜਿਆਂ ਨੂੰ ਵੀ ਚੰਗੀ ਤਰ੍ਹਾਂ ਰੋਗਾਣੂ ਮੁਕਤ ਕੀਤਾ ਜਾਵੇ।
ਬੁਲਾਰੇ ਨੇ ਦੱਸਿਆ ਕਿ ਆਪਣੇ ਕੱਪੜਿਆਂ ਨੂੰ ਬਦਲ ਕੇ ਅਤੇ ਧੋਣ ਲਈ ਵੱਖਰੇ ਤੌਰ 'ਤੇ ਰੱਖ ਦਿੱਤਾ ਜਾਵੇ ਜਿਸ ਉਪਰੰਤ ਬੈਗ, ਪਰਸ, ਚਾਬੀਆਂ ਆਦਿ ਨੂੰ ਘਰ ਦੀ ਐਂਟਰੀ ਤੇ ਹੀ ਕਿਸੇ ਬਕਸੇ ਵਿਚ ਪਾ ਦਿੱਤਾ ਜਾਵੇ ਤਾਂ ਜੋ ਘਰ ਦੀ ਕਿਸੀ ਅੰਦਰਲੀ ਚੀਜ਼ ਨਾਲ ਇਨ੍ਹਾਂ ਸੰਪਰਕ ਨਾ ਹੋ ਜਾਵੇ। ਉਨ੍ਹਾਂ ਦੱਸਿਆ ਨਹਾਉਣ ਨਾਲ ਤੁਸੀਂ ਰੋਗਾਣੂ ਮੁਕਤ ਹੋ ਜਾਂਦੇ ਹੋ ਇਸ ਲਈ ਨਹਾਉਣਾ ਬਹੁਤ ਜਰੂਰੀ ਹੈ ਜੇਕਰ ਤੁਸੀਂ ਕਿਸੇ ਕਾਰਣ ਨਹਾਉਣਾ ਨਹੀਂ ਚਾਹੁੰਦੇ ਤਾਂ ਘੱਟੋ ਘੱਟ ਹੱਥ, ਬਾਹਾਂ, ਗਰਦਨ ਤੇ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ ਕਰੋ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਵੀ ਅਤੀ ਜ਼ਰੂਰੀ ਹੈ ਕਿ ਮੋਬਾਇਲ ਫੋਨ ਅਤੇ ਐਨਕਾਂ ਨੂੰ ਗਰਮ ਸਾਬਣ ਵਾਲੇ ਪਾਣੀ ਦੀ ਸਪਰੇਅ ਜਾਂ ਅਲਕੋਹਲ ਨਾਲ ਰੋਗਾਣੂ-ਮੁਕਤ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਬਾਹਰੋਂ ਲਿਆਂਦੀ ਕਿਸੇ ਵੀ ਵਸਤੂ ਨੂੰ ਚੰਗੀ ਤਰ੍ਹਾਂ ਰੋਗਾਣੂ-ਮੁਕਤ ਕਰਨ ਤੋਂ ਬਾਅਦ ਹੀ ਘਰ ਅੰਦਰ ਲਿਆਂਦਾ ਜਾਵੇ ਜਿਸ ਉਪਰੰਤ ਫਿਰ ਇਕ ਵਾਰ ਹੱਥਾਂ ਨੂੰ ਸਹੀ ਤਰੀਕੇ ਨਾਲ ਸਾਫ ਕੀਤਾ ਜਾਵੇ।
ਬੁਲਾਰੇ ਨੇ ਸਪਸ਼ਟ ਕੀਤਾ ਕਿ ਹਰ ਚੀਜ਼ ਨੂੰ ਰੋਗਾਣੂਮੁਕਤ ਕਰਨਾ ਸੰਭਵ ਨਹੀਂ ਹੈ ਪਰ ਅਸੀਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਕੇ ਕੋਰੋਨਾ ਦੇ ਖ਼ਤਰੇ ਨੂੰ ਘਟਾ ਸਕਦੇ ਹਾਂ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਵੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਕਰੋਨਾਵਾਇਰਸ ਦੀ ਰੋਕਥਾਮ ਲਈ ਵਿਆਪਕ ਪੱਧਰ 'ਤੇ ਉਪਰਾਲੇ ਕਰ ਰਹੀ ਹੈ ਅਤੇ ਲਾਕਡਾਊਨ ਤਹਿਤ ਪੰਜਾਬ ਵਾਸੀ ਘਰ ਰਹਿ ਇਸ ਵਾਇਰਸ ਦੇ ਖਾਤਮੇ ਲਈ ਆਪਣਾ ਵੱਡਮੁੱਲਾ ਸਹਿਯੋਗ ਦੇ ਸਕਦੇ ਹੋ।