
ਪੰਜਾਬ 'ਚ ਚੌਥੇ ਫ਼ਰੰਟ ਦੀ ਕੋਸ਼ਿਸ਼ ਫ਼ਿਲਹਾਲ ਨਹੀਂ ਚੜ੍ਹ ਸਕੀ ਸਿਰੇ
ਸਾਰਾ ਦਿਨ ਢੀਂਡਸਾ ਦੁਆਲੇ ਘੁੰਮਦੀ ਰਹੀ ਸਿਆਸਤ
ਚੰਡੀਗੜ੍ਹ, 8 ਅਪ੍ਰੈਲ (ਸੁਰਜੀਤ ਸਿੰਘ ਸੱਤੀ) : ਕਾਂਗਰਸ, ਅਕਾਲੀ ਦਲ ਤੇੇ ਭਾਜਪਾ ਨੂੰ ਸੱਤਾ ਤੋਂ ਦੂਰ ਕਰਨ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਚੌਥੇ ਫ਼ਰੰਟ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ | ਵੀਰਵਾਰ ਨੂੰ 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵਿਚਾਲੇ ਹੋਈਆਂ ਮੀਟਿੰਗਾਂ ਹੀ ਪੰਜਾਬ ਦੇ ਰਾਜਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ | ਬ੍ਰਹਮਪੁਰਾ ਧੜਾ ਅਤੇ ਬਹੁਜਨ ਸਮਾਜ ਪਾਰਟੀ ਵੀ ਉਕਤ ਦੋਹਾਂ ਪਾਰਟੀਆਂ ਨਾਲ ਫ਼ਰੰਟ ਬਨਾਉਣ ਦਾ ਪੱਖ ਪੂਰਦੇ ਨਜ਼ਰ ਆਏ ਪਰ ਫ਼ਿਲਹਾਲ ਇਹ ਕੋਸ਼ਿਸ਼ ਸਿਰੇ ਨਹੀਂ ਚੜ੍ਹ ਸਕੀ | ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਹੋਰ ਆਗੂਆਂ ਦੀ ਆਮ ਆਦਮੀ ਪਾਰਟੀ ਨਾਲ ਮੀਟਿੰਗ ਉਪਰੰਤ ਆਮ ਆਦਮੀ ਪਾਰਟੀ ਵਲੋਂ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੋਵੇਂ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਸਰਗਰਮ ਹਨ ਤੇ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨਾਲ ਹੋਈ ਮੀਟਿੰਗ ਵਿਚ ਇਹ ਸੰਕੇੇਤ ਮਿਲੇ ਕਿ ਦੋਹਾਂ ਪਾਰਟੀਆਂ ਦੇ ਗਠਜੋੜ ਦੀ ਥਾਂ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਛੇਤੀ ਹੀ ਆਮ ਆਦਮੀ ਪਾਰਟੀ ਜੁਆਇਨ ਕਰਨਗੇ |
ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਨੇ ਹਰਪਾਲ ਸਿੰਘ ਚੀਮਾ ਦੇ ਇਸ ਬਿਆਨ ਦਾ ਸਿੱਧੇ ਤੌਰ 'ਤੇ ਖੰਡਨ ਕਰਦਿਆਂ ਕਿਹਾ ਹੈ ਕਿ ਉਹ 'ਆਪ' ਜੁਆਇਨ ਨਹੀਂ ਕਰਨਗੇ ਤੇ ਨਾ ਹੀ ਉਨ੍ਹਾਂ ਦੀ ਪਾਰਟੀ ਦਾ ਕਿਸੇ ਹੋਰ ਪਾਰਟੀ ਵਿਚ ਰਲੇਵਾਂ ਹੋਵੇਗਾ | ਢੀਂਡਸਾ ਦੇ ਇਸ ਬਿਆਨ ਨਾਲ
ਫਿਲਹਾਲ ਚੌਥੇ ਫਰੰਟ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਹੀਂ ਦਿਸ ਰਿਹਾ | ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ, ਅਕਾਲੀ ਦਲ ਬਾਦਲ ਤੇ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਹਮਖਿਆਲੀ ਪਾਰਟੀਆਂ ਨਾਲ ਸਮਝੌਤਾ ਕਰਨ ਲਈ ਤਿਆਰ ਹਨ | ਅਪਣੇ ਸੰਸਦੀ ਹਲਕੇ ਸੰਗਰੂਰ ਵਿਚ 'ਆਪ' ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਨ੍ਹਾਂ ਅਪਣੇ ਬੇਟੇ ਪਰਮਿੰਦਰ ਢੀਂਡਸਾ ਦੇ ਬਰਾਬਰ ਦਸਿਆ ਤੇ ਕਿਹਾ ਕਿ ਉਨ੍ਹਾਂ ਦੇ ਭਗਵੰਤ ਮਾਨ ਨਾਲ ਕਿਸੇ ਕਿਸਮ ਦੇ ਕੋਈ ਮਤਭੇਦ ਨਹੀਂ ਹਨ ਤੇ ਪੰਜਾਬ ਨੂੰ ਬਚਾਉਣਾ ਹੀ ਉਨ੍ਹਾਂ ਦੀ ਪਾਰਟੀ ਦਾ ਮੁੱਖ ਉਦੇਸ਼ ਹੈ |
ਢੀਂਡਸਾ ਨੇੇ ਵਿਧਾਨ ਸਭਾ ਚੋਣਾਂ ਨਾ ਲੜਨ ਦੀ ਗੱਲ ਵੀ ਕਹੀ | ਦੂਜੇ ਪਾਸੇ ਪਰਮਿੰਦਰ ਢੀਂਡਸਾ ਨੇ ਸਪਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨਹੀਂ ਹਨ ਤੇ ਅਜੇ ਚੌਥੇ ਫਰੰਟ ਬਾਰੇ ਜੋ ਵੀ ਗੱਲਾਂ ਚੱਲੀਆਂ ਹਨ, ਉਹ ਮੁਢਲੀ ਸਟੇਜ 'ਤੇ ਹਨ ਤੇ ਅੱਗੇ ਚੱਲ ਕੇ ਪੰਜਾਬ ਵਿਚ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਦੂਰ ਕਰਨ ਲਈ ਫਰੰਟ ਲਈ ਉਪਰਾਲੇੇ ਜਾਰੀ ਰਹਿਣਗੇ | ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਢੀਂਡਸਾ ਦੇ ਨਾਲ ਹਨ ਅਤੇ ਢੀਂਡਸਾ ਉਨ੍ਹਾਂ ਦੇ ਨਾਲ ਹਨ ਤੇ ਜੋ ਢੀਂਡਸਾ ਕਰਨਗੇ, ਉਨ੍ਹਾਂ ਦੀ ਪਾਰਟੀ ਉਸ ਫ਼ੈਸਲੇ ਨਾਲ ਸਹਿਮਤ ਹੋਵੇਗੀ |
ਪਾਰਟੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮੁੱਖ ਆਗੂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਿਸੇ ਕਿਸਮ ਦੇ ਗਠਜੋੜ ਲਈ ਅੰਤਮ ਫ਼ੈਸਲਾ ਕੌਮੀ ਪ੍ਰਧਾਨ ਮਾਇਆਵਤੀ ਹੀ ਲੈਣਗੇ |