
ਪੁਲਿਸ ਨੇ ਮਾਂ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ।
ਫ਼ਰੀਦਕੋਟ (ਸੁਖਜਿੰਦਰ ਸਹੋਤਾ ) - ਪੰਜਾਬ ਦੇ ਫਰੀਦਕੋਟ ਦੇ ਪਿੰਡ ਕਲੇਰ ਦੇ ਇੱਕ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਪਰਿਵਾਰ ਦੀ ਮਹਿਲਾ ਨੇ ਆਪਣੀ ਸਵਾ ਮਹੀਨੇ ਦੀ ਮਾਸੂਮ ਧੀ ਨੂੰ ਗਟਰ ਵਿਚ ਸੁੱਟ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਥਾਨਾ ਸਦਰ ਪੁਲਿਸ ਨੇ ਮੌਕੇ ਉੱਤੇ ਪੁਹੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਟ ਭੱਠੇ ਤੇ ਕੰਮ ਕਰਨ ਵਾਲੇ ਪਰਵਾਸੀ ਮਜਦੂਰ ਦੇ ਪਰਿਵਾਰ ਨੇ ਰੌਲਾ ਮਚਾਇਆ ਕਿ ਉਨ੍ਹਾਂ ਦੀ ਡੇਢ ਮਹੀਨੇ ਦੀ ਧੀ ਘਰ ਤੋਂ ਗਾਇਬ ਹੈ ਅਤੇ ਉਸ ਨੂੰ ਕੋਈ ਚੁੱਕ ਕੇ ਲੈ ਗਿਆ।
ਕਾਫ਼ੀ ਤਲਾਸ਼ ਕਰਨ ਤੋਂ ਬਾਅਦ ਬੱਚੀ ਬਾਰੇ ਕੁੱਝ ਪਤਾ ਨਹੀਂ ਚੱਲ ਸਕਿਆ ਤਾਂ ਪਿੰਡ ਵਾਸੀਆਂ ਨੂੰ ਪਰਵਾਰ ਉੱਤੇ ਹੀ ਸ਼ੱਕ ਹੋ ਗਿਆ। ਜਦੋਂ ਪਿੰਡ ਵਾਸੀਆਂ ਨੇ ਪਰਿਵਾਰ ਤੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਖੁਲਾਸਾ ਕਰ ਦਿੱਤਾ ਕਿ ਉਨ੍ਹਾਂ ਨੇ ਆਪਣੇ ਆਪ ਹੀ ਆਪਣੀ ਧੀ ਨੂੰ ਫ਼ਲੱਸ਼ ਦੇ ਟੈਂਕ ਵਿੱਚ ਸੁੱਟ ਦਿੱਤਾ ਹੈ। ਜਦ ਕੁੜੀ ਨੂੰ ਬਾਹਰ ਕੱਢਿਆ ਗਿਆ ਤਾਂ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿਚ ਥਾਨਾ ਸਦਰ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਦਾ ਕੰਮ ਸ਼ੁਰੂ ਕੀਤਾ ।
ਮੌਕੇ ਉੱਤੇ ਸਾਥੀ ਮਜਦੂਰਾਂ ਨੇ ਦੱਸਿਆ ਕਿ ਰੱਜੋ ਨਾਮਕ ਯੂਪੀ ਦੇ ਮਜ਼ਦੂਰ ਨੇ ਸਵੇਰੇ ਪੰਜ ਵਜੇ ਰੌਲਾ ਪਾਇਆ ਕਿ ਉਸਦੀ ਬੱਚੀ ਨੂੰ ਕੋਈ ਚੁੱਕ ਕੇ ਲੈ ਗਿਆ ਹੈ।ਕਾਫ਼ੀ ਤਲਾਸ਼ ਕਰਨ ਤੋਂ ਬਾਅਦ ਜਦੋਂ ਬੱਚੀ ਨਹੀਂ ਮਿਲੀ ਤਾਂ ਅਸੀਂ ਫ਼ਲੱਸ਼ ਵਿਚ ਵੇਖਿਆ ਅਤੇ ਬੱਚੀ ਦੇ ਪਿਤਾ ਦੀਆਂ ਗੱਲਾਂ ਤੇ ਵੀ ਸ਼ੱਕ ਹੋਇਆ। ਜਦੋਂ ਫ਼ਲੱਸ਼ ਦੇ ਸਲੈਬ ਨੂੰ ਉਖਾੜ ਕੇ ਵੇਖਿਆ ਤਾਂ ਬੱਚੀ ਉਂਸ ਦੇ ਅੰਦਰ ਸੀ ਅਤੇ ਉਸ ਨੂੰ ਸਰੀਏ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਪਰ ਬੱਚੀ ਦੀ ਮੌਤ ਹੋ ਚੁੱਕੀ ਸੀ। ਇਸ ਮਜ਼ਦੂਰ ਦੇ ਪਹਿਲੇ ਵੀ ਇੱਕ ਮੁੰਡਾ ਅਤੇ ਦੋ ਲੜਕੀਆਂ ਹਨ ਅਤੇ ਇਹ ਤੀਜੀ ਕੁੜੀ ਸੀ।
ਇਹ ਕਰੀਬ 7 ਮਹੀਨੇ ਤੋਂ ਇਸ ਭਠੇ ਉੱਤੇ ਕੰਮ ਕਰ ਰਿਹਾ ਸੀ। ਇਸ ਮਾਮਲੇ ਵਿਚ ਡੀਐਸਪੀ ਸਤਵਿੰਦਰ ਸਿੰਘ ਨੇ ਕਿਹਾ ਕਿ ਬੱਚੀ ਦੀ ਮਾਤਾ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਉਸ ਦੀ ਪਹਿਲਾਂ ਹੀ ਦੋ ਬੇਟੀਆਂ ਸਨ ਅਤੇ ਹੁਣ ਉਹ ਮੁੰਡੇ ਦੀ ਉਮੀਦ ਕਰਦੀ ਸੀ ਤੇ ਫਿਰ ਤੋਂ ਕੁੜੀ ਹੋਣ ਕਾਰਨ ਨਿਰਾਸ਼ ਸੀ ਜਿਸਦੇ ਚਲਦੇ ਉਸਨੇ ਆਪਣੀ ਬੱਚੀ ਨੂੰ ਜ਼ਿੰਦਾ ਹੀ ਗਟਰ ਵਿੱਚ ਸੁੱਟ ਦਿੱਤਾ। ਜਿਸਦੇ ਚਲਦੇ ਉਸਦੀ ਮੌਤ ਹੋ ਗਈ। ਪੁਲਿਸ ਨੇ ਮਾਂ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ।