
ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਮੋਦੀ ’ਤੇ ਵਿਅੰਗ : ‘ਖ਼ਰਚਿਆਂ ’ਤੇ ਵੀ ਚਰਚਾ’ ਹੋਣੀ ਚਾਹੀਦੀ ਹੈ
ਪਟਰੌਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਚਰਚਾ ਕਿਉਂ ਨਹੀਂ ਕਰਦੇ?
ਨਵੀਂ ਦਿੱਲੀ, 8 ਅਪ੍ਰੈਲ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪ੍ਰੀਖਿਆ ’ਤੇ ਚਰਚਾ’ ਪ੍ਰੋਗਰਾਮ ’ਤੇ ਵਿਅੰਗ ਕਸਿਆ ਹੈ। ਰਾਹੁਲ ਨੇ ਵੀਰਵਾਰ ਨੂੰ ਕਿਹਾ ਕਿ ‘ਖ਼ਰਚਿਆਂ ’ਤੇ ਵੀ ਚਰਚਾ’ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਪਟਰੌਲ-ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਚਰਚਾ ਕਿਉਂ ਨਹੀਂ ਕਰਦੇ?
ਰਾਹੁਲ ਨੇ ਇਕ ਖਬਰ ਸਾਂਝੀ ਕਰਦੇ ਹੋਏ ਟਵੀਟ ਕੀਤਾ,‘‘ਕੇਂਦਰ ਸਰਕਾਰ ਦੀ ਟੈਕਸ ਵਸੂਲੀ ਕਾਰਨ ਗੱਡੀ ’ਚ ਪਟਰੌਲ-ਡੀਜ਼ਲ ਭਰਵਾਉਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਫਿਰ ਪ੍ਰਧਾਨ ਮੰਤਰੀ ਇਸ ’ਤੇ ਚਰਚਾ ਕਿਉਂ ਨਹੀਂ ਕਰਦੇ? ਖ਼ਰਚਿਆਂ ’ਤੇ ਵੀ ਹੋ ਚਰਚਾ!’’
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੁਧਵਾਰ ਨੂੰ ‘ਪ੍ਰੀਖਿਆ ’ਤੇ ਚਰਚਾ’ ਦੇ ਤਾਜ਼ਾ ਐਡੀਸ਼ਨ ’ਚ ਡਿਜੀਟਲ ਮਾਧਿਅਮ ਨਾਲ ਵਿਦਿਆਰਥੀਆਂ, ਅਧਿਆਪਾਕਾਂ ਅਤੇ ਮਾਤਾ-ਪਿਤਾ ਨਾਲ ਗੱਲ ਕੀਤੀ। ਇਸ ’ਚ ਉਨ੍ਹਾਂ ਕਿਹਾ ਕਿ ਪ੍ਰੀਖਿਆ ਵਿਦਿਆਰਥੀਆਂ ਦੇ ਜੀਵਨ ’ਚ ਆਖ਼ਰੀ ਮੁਕਾਮ ਨਹੀਂ, ਸਗੋਂ ਇਕ ਛੋਟਾ ਜਿਹਾ ਪੜਾਅ ਹੁੰਦਾ ਹੈ, ਇਸ ਲਈ ਮਾਤਾ-ਪਿਤਾ ਜਾਂ ਅਧਿਆਪਕਾਂ ਨੂੰ ਬੱਚਿਆਂ ’ਤੇ ਦਬਾਅ ਨਹੀਂ ਬਣਾਉਣਾ ਚਾਹੀਦਾ। (ਏਜੰਸੀ)