
ਦੋਸ਼ੀਆਂ ਨੇ ਦਲਿਤ ਬਜ਼ੁਰਗ ਨੂੰ ਮਰਿਆ ਸਮਝ ਕੇ ਸੁੱਟਿਆ ਖੇਤਾਂ ਵਿਚ
ਤਰਨਤਾਰਨ (ਦਿਲਬਾਗ ਸਿੰਘ) - ਥਾਣਾ ਸਿਟੀ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਪਲਾਸੌਰ ਵਿਖੇ ਉਸ ਸਮੇਂ ਗੁੰਡਾਗਰਦੀ ਦੀ ਹੱਦ ਮੁੱਕ ਗਈ ਜਦੋਂ ਇਕ ਆਰੇ ਵਾਲੇ ਨੇ ਦਲਿਤ ਬਜ਼ੁਰਗ ਦੀ ਕੁੱਟਮਾਰ ਕਰਕੇ ਉਸ ਨੂੰ ਮਰਿਆ ਸਮਝ ਕੇ ਖੇਤਾਂ ਵਿਚ ਸੁੱਟ ਦਿੱਤਾ ਗਿਆ, ਜਦ ਕਿ ਪੀੜਤ ਬਜ਼ੁਰਗ ਦੇ ਪਰਿਵਾਰ ਵੱਲੋਂ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਗਏ ਹਨ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਦੇਸ ਰਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਲਾਸੌਰ ਨੇ ਦੋਸ਼ ਲਗਾਉਂਦਿਆ ਦੱਸਿਆ ਕਿ ਉਸ ਨੇ ਆਰੇ ਦੇ ਬਾਹਰ ਸੜਕ ਤੇ ਪਈਆਂ ਚਾਰ ਲੱਕੜਾਂ ਨੂੰ ਫਾਲਤੂ ਸਮਝ ਕੇ ਚੁੱਕ ਲਿਆ ਜਿਸ ਤੋਂ ਬਾਅਦ ਆਰੇ ਦੇ ਮਾਲਕ ਹੀਰਾ ਸਿੰਘ ਅਤੇ ਉਸ ਦੇ ਦੋ ਸਾਥੀਆ ਨੇ ਬਜ਼ੁਰਗ ਨੂੰ ਆਰੇ ਅੰਦਰ ਵਾੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ।
TarnTaran
ਪੀੜਤ ਬਜ਼ੁਰਗ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਉਸ ਦੀ ਬੜੀ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਅਧਮੋਇਆ ਕਰਕੇ ਮਰਿਆ ਸਮਝ ਕੇ ਦੂਰ ਖੇਤਾਂ ਵਿਚ ਸੁੱਟ ਦਿੱਤਾ। ਪੀੜਤ ਦੇਸ ਰਾਜ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਪਿੰਡ ਦੇ ਕੁਝ ਵਿਅਕਤੀਆਂ ਪਾਸੋਂ ਉਨ੍ਹਾਂ ਨੂੰ ਇਤਲਾਹ ਮਿਲੀ ਤਾਂ ਉਨ੍ਹਾਂ ਤੁਰੰਤ ਦੇਸ ਰਾਜ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਗੰਭੀਰ ਦੱਸਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਪੀੜਤ ਪਰਿਵਾਰ ਨੇ ਦੋਸ਼ ਲਗਾਉਂਦਿਆ ਦੱਸਿਆ ਕਿ ਉਕਤ ਵਿਅਕਤੀ ਹਾਕਮ ਧਿਰ ਨਾਲ ਸਬੰਧ ਰੱਖਦੇ ਹਨ ਅਤੇ ਅੱਜ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਦੇਸ ਰਾਜ ਦੀਆਂ ਲੱਤਾਂ ਅਤੇ ਬਾਹਵਾਂ ਵੀ ਤੋੜ ਦਿੱਤੀਆ ਹਨ। ਉਨ੍ਹਾਂ ਤਰਨਤਾਰਨ ਦੇ ਐੱਸਐੱਸਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ।
Gurdev Singh Sandhu
ਉਧਰ ਦੂਸਰੇ ਪਾਸੇ ਸੱਚ ਦਾ ਸਾਥ ਸੰਸਥਾ ਦੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਸੰਧੂ ਜਦੋਂ ਮੌਕੇ ਤੇ ਸਿਵਲ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੀ ਹਰ ਸੰਭਵ ਮਦਦ ਕਰਨਗੇ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਵਿਚ ਪਰਿਵਾਰ ਦੀ ਪੂਰੀ ਮਦਦ ਕਰਨਗੇ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਸੱਚ ਦਾ ਸਾਥ ਸੰਸਥਾ ਵੱਲੋਂ ਜਲਦ ਹੀ ਸੰਘਰਸ਼ ਵਿੱਢਿਆ ਜਾਵੇਗਾ।
ਦੂਜੇ ਪਾਸੇ ਡੀ ਐੱਸ ਪੀ ਸਿਟੀ ਸੁੱਚਾ ਸਿੰਘ ਬੱਲ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿਚ ਹੈ ਅਤੇ ਮਾਮਲੇ ਦੀ ਤਫਤੀਸ਼ ਚੌਂਕੀ ਟਾਊਨ ਦੇ ਇੰਚਾਰਜ ਏਐਸਆਈ ਹਰਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ। ਤਫਤੀਸ਼ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।