
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਐਲਾਨ : ਅੱਜ ਤਿੰਨ ਘੰਟੇ ਲਈ ਰੱਖਾਂਗੇ ਟੋਲ ਫ਼੍ਰੀ
ਅੰਬਾਲਾ, 8 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ 9 ਅਪ੍ਰੈਲ ਨੂੰ ਤਿੰਨ ਘੰਟੇ ਟੋਲ ਫਰੀ ਕਰਨ ਦਾ ਫ਼ੈਸਲਾ ਕੀਤਾ ਹੈ | ਚੜੂਨੀ ਨੇ ਸੋਸ਼ਲ ਮੀਡੀਆ 'ਤੇ ਦਸਿਆ ਕਿ 9 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹਰਿਆਣਾ ਦੇ ਸਾਰੇ ਟੋਲ ਫਰੀ ਕੀਤੇ ਜਾਣਗੇ ਅਤੇ ਅਧਿਕਾਰੀਆਂ ਨੂੰ ਬੁਲਾ ਕੇ ਮੰਗ ਪੱਤਰ ਦਿਤਾ ਜਾਵੇਗਾ | ਸਾਰੇ ਕਿਸਾਨ ਸੰਗਠਨਾਂ ਅਤੇ ਹਰਿਆਣਾ ਦੇ ਸਾਰੇ ਭਰਾਵਾਂ ਨੂੰ ਇਸ ਪ੍ਰਦਰਸਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ | ਇਸ ਦੇ ਨਾਲ ਹੀ ਹਰਿਆਣਾ ਦੇ ਟੋਲ 'ਤੇ ਮੁਲਾਜ਼ਮਾਂ ਨੂੰ ਰੱਖਣ, ਬਿਨਾਂ ਟੈਗ ਵਾਲੇ ਵਾਹਨਾਂ ਦੀਆਂ ਪਰਚੀਆਂ ਪਹਿਲਾਂ ਵਾਂਗ ਕੱਟਣ ਅਤੇ 15 ਕਿਲੋਮੀਟਰ ਤੱਕ ਦੇ ਖੇਤਰ ਲਈ ਟੋਲ ਫ਼ੀਸ ਦੇਣ ਦੀ ਮੰਗ ਕੀਤੀ ਗਈ | ਚੜੂਨੀ ਨੇ ਕਿਹਾ ਕਿ ਹੁਣ ਟੋਲ 'ਤੇ ਇਕ ਵਾਰ ਹੀ ਦੋਵਾਂ ਪਾਸਿਆਂ ਦਾ ਕਿਰਾਇਆ ਕੱਟਿਆ ਜਾ ਰਿਹਾ ਹੈ, ਜਦਕਿ ਦੁਬਾਰਾ ਆਉਣ 'ਤੇ ਵੀ ਦੁੱਗਣਾ ਕਿਰਾਇਆ ਕੱਟਿਆ ਜਾ ਰਿਹਾ ਹੈ, ਜੋ ਕਿ ਗਲਤ ਹੈ |
ਸੋਸ਼ਲ ਮੀਡੀਆ 'ਤੇ ਵੀਡੀਉ ਜਾਰੀ ਕਰਦੇ ਹੋਏ ਚੜੂਨੀ ਨੇ ਕਿਹਾ ਕਿ ਕੇਂਦਰੀ ਪੂਲ 'ਚ ਪੰਜਾਬ ਅਤੇ ਹਰਿਆਣਾ ਸਭ ਤੋਂ ਵੱਧ ਕਣਕ ਦਿੰਦੇ ਹਨ | ਇਸ ਵਾਰ ਵਿਦੇਸਾਂ ਵਿੱਚ ਕਣਕ ਦੀ ਮੰਗ ਹੈ | ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੋਲ ਚੰਗਾ ਮੌਕਾ ਹੈ | ਕੇਂਦਰ ਸਰਕਾਰ ਨੇ ਤੁਹਾਨੂੰ ਪੈਕੇਜ ਨਹੀਂ ਦਿਤਾ | ਇਸ ਲਈ ਕੇਂਦਰੀ ਪੂਲ ਵਿਚ ਕਣਕ ਦੇਣ ਦੀ ਬਜਾਏ ਪੰਜਾਬ ਸਰਕਾਰ ਖ਼ੁਦ ਖ਼ਰੀਦੇ ਅਤੇ ਕੇਂਦਰ ਸਰਕਾਰ ਨੂੰ ਕਣਕ ਨਾ ਦੇਵੇ, ਵਿਦੇਸਾਂ ਵਿਚ ਭੇਜੇ | ਜੇਕਰ ਕੇਂਦਰ ਸਰਕਾਰ ਨੂੰ ਕਣਕ ਦੇਣੀ ਹੈ ਤਾਂ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਜਾਵੇ | ਕੇਂਦਰ ਸਰਕਾਰ ਨਿੱਜੀ ਖ਼ਰੀਦ 'ਤੇ ਵੀ ਪਾਬੰਦੀ ਲਗਾਵੇਗੀ | ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਜਿੰਨ੍ਹੀ ਕਣਕ ਘਰ ਵਿਚ ਰੱਖ ਸਕਣ ਉਨੀ ਕਣਕ ਹੀ ਘਰ ਵਿਚ ਰੱਖਣ | ਕਿਸਾਨ ਜਥੇਬੰਦੀ 500 ਰੁਪਏ ਬੋਨਸ ਦੀ ਮੰਗ ਕਰੇ | (ਏਜੰਸੀ)