
ਦਰਬਾਰ ਸਾਹਿਬ ਦੀ ਨੱਕਾਸ਼ੀ ’ਚ
ਅੰਮ੍ਰਿਤਸਰ, 8 ਅਪ੍ਰੈਲ (ਪਰਮਿੰਦਰ ਅਰੋੜਾ) : ਸ੍ਰੀ ਦਰਬਾਰ ਸਾਹਿਬ ਅੰਦਰ ਹੋਈ ਨੱਕਾਸ਼ੀ ਵਿਚ ਲੱਗੇ ਬੇਸ਼ਕੀਮਤੀ ਨਗ਼ਾਂ ’ਚੋਂ ਕੱੁਝ ਬੇਸ਼ਕੀਮਤੀ ਨੱਗ ਗ਼ਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਥਕ ਹਲਕਿਆਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਵੀ ਤਰਥਲੀ ਮਚ ਗਈ ਹੈ। ਇਸ ਮਾਮਲੇ ਨੂੰ ਦਬਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਸ੍ਰੀ ਦਰਬਾਰ ਸਾਹਿਬ ਦੇ ਅੰਦਰ 1880 ਵਿਚ ਚਿਨਓਟ ਤੋਂ ਬੁਲਾਏ ਕਾਰੀਗਰਾਂ ਨੇ ਗਚਕਾਰੀ, ਜੜਤਕਾਰੀ ਅਤੇ ਮੀਨਾਕਰੀ ਦਾ ਕੰਮ ਸ਼ੁਰੂ ਕੀਤਾ ਸੀ ਜੋ 1910 ਤਕ ਜਾਰੀ ਰਿਹਾ। ਇਸ ਨੱਕਾਸ਼ੀ ਦੀ ਦਿੱਖ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਇਸ ਵਿਚ ਬੇਸ਼ਕੀਮਤੀ ਨਗ ਜੜੇ ਗਏ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਏਅਰ ਕੰਡੀਸ਼ਨ ਲਗਾਉਣ ’ਤੇ ਮੂਲ ਇਮਾਰਤ ਨਾਲ ਛੇੜਛਾੜ ਕਰਨ ਕਾਰਨ ਪਿਛਲੇ ਕੱੁਝ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ’ਤੇ ਸਲਾਬ ਆ ਗਈ ਜਿਸ ਕਾਰਨ ਗਚਕਾਰੀ, ਜੜਤਕਾਰੀ ਅਤੇ ਮੀਨਾਕਰੀ ’ਤੇ ਅਸਰ ਹੋਇਆ ਹੈ। ਇਸ ਸਲਾਬ ਕਾਰਨ ਗਚਕਾਰੀ, ਜੜਤਕਾਰੀ ਅਤੇ ਮੀਨਾਕਰੀ ਵਿਚ ਲੱਗੇ ਬੇਸ਼ਕੀਮਤੀ ਨਗ ਵੀ ਝੜ ਰਹੇ ਹਨ। ਇਸ ਝੜੀ ਹੋਈ ਨੱਕਾਸ਼ੀ ’ਚੋਂ ਕਿਰੇ ਚੁੱਕੇ ਨਗ ਪ੍ਰਬੰਧਕਾਂ ਪਾਸ ਮੌਜੂਦ ਨਹੀਂ ਹਨ।
ਇਸ ਖ਼ਬਰ ਬਾਰੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲਖਣ ਸਿੰਘ ਭੰਗਾਲੀ ਨਾਲ ਗਲ ਕਰਨ ’ਤੇ ਉਨ੍ਹਾਂ ਕਿਹਾ ਕਿ ਅਸੀ ਨਗਾਂ ਦੀ ਪੜਤਾਲ ਕਰਵਾਈ ਹੈ ਤੇ ਸਾਨੂੰ ਪ੍ਰਦੁਮਣ ਜਿਉਲਰਜ਼ ਨਾਮ ਦੇ ਵਪਾਰੀ ਨੇ ਦਸਿਆ ਹੈ ਕਿ ਇਹ ਕੋਈ ਮਹਿੰਗੇ ਨਗ ਨਹੀਂ ਹਨ। ਬੇਸ਼ਕੀਮਤੀ ਨਗਾਂ ਦੇ ਗ਼ਾਇਬ ਹੋਣ ਦੇ ਮਾਮਲੇ ’ਤੇ ਪਰਦਾ ਪਾਉਣ ਲਈ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਕ ਨਕਲੀ ਜਿਹਾ ਸਰਟੀਫ਼ਿਕੇਟ ਵੀ ਤਿਆਰ ਕਰਵਾਇਆ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਵਲੋਂ ਅੰਮ੍ਰਿਤਸਰ ਦੇ ਇਕ ਪ੍ਰਦੁੱਮਣ ਸਿੰਘ ਜਿਊਲਰਜ਼ 1987-4 ਗੁਰੂ ਬਾਜ਼ਾਰ ਅੰਮ੍ਰਿਤਸਰ ਦੇ ਲੈਟਰ ਪੈਡ ’ਤੇ ਨਗਾਂ ਦੀ ਜਾਂਚ ਕਰਵਾ ਕੇ ਇਸ ਨੂੰ ਆਮ ਨਗ ਵਜੋਂ ਮਾਨਤਾ ਦੇ ਦਿਤੀ ਹੈ। ਪਰ ਇਕ ਹੈਰਾਨ ਕਰਨ ਵਾਲਾ ਤੱਥ ਇਹ ਵੀ ਹੈ ਕਿ ਦਿਤੇ ਪਤੇ ’ਤੇ ਪ੍ਰਦੁਮਣ ਸਿੰਘ ਜਿਊਲਰ ਨਾਮ ਦੀ ਦੁਕਾਨ ਹੀ ਨਹੀਂ ਹੈ। ਆਸਪਾਸ ਦੇ ਦੁਕਾਨਦਾਰਾਂ ਪਾਸੋਂ ਪਤਾ ਲੱਗਾ ਕਿ ਇਹ ਫਰਮ 10 ਸਾਲ ਪਹਿਲਾਂ ਇਥੇ ਕੰਮ ਕਰਦੀ ਸੀ। ਇਸ ਸਰਟੀਫ਼ਿਕੇਟ ’ਤੇ ਟਿਨ ਨੰਬਰ, ਐਸਟੀ ਨੰਬਰ ਤੇ ਸੀਐਸਟੀ ਨੰਬਰ, ਮਿਤੀ 6-7-1990 ਅੰਕਿਤ ਕੀਤਾ ਹੋਇਆ ਹੈ। ਜਾਰੀ ਕੀਤੇ ਸਰਟੀਫਿਕੇਟ ਵਿਚ ਲਿਖਿਆ ਗਿਆ ਹੈ ਕਿ ਜਿਹੜੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਮੀਨਾਕਾਰੀ ਵਿਖੇ ਜੋ ਸਟੋਨ ਲੱਗੇ ਹੋਏ ਹਨ, ਉਹ ਨਾ ਤਾਂ ਡਾਇਮੰਡ ਹਨ ਅਤੇ ਨਾ ਹੀ ਸੁੱਚੇ ਮਹਿੰਗੇ ਸਟੋਨ ਹਨ। ਇਹ ਸਿਰਫ ਮੀਨਾਕਾਰੀ ਨੂੰ ਚਮਕ ਦੇਣ ਵਾਸਤੇ ਆਮ ਸਟੋਨ ਹਨ। ਇਨ੍ਹਾਂ ਨੂੰ ਚੈੱਕ ਕੀਤਾ ਗਿਆ ਹੈ। ਇਹ ਸਰਟੀਫਿਕੇਟ ਮਨਜੀਤ ਸਿੰਘ ਵਲੋਂ ਆਪਣੇ ਦਸਤਖਤਾਂ ਹੇਠ 7 ਅਪ੍ਰੈਲ 2022 ਨੂੰ ਜਾਰੀ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਹ ਮਾਮਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਆਸਥਾ ਨੂੰ ਦੇਖਦਿਆਂ ਹੋਇਆ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਖਤੀ ਨਾਲ ਲਿਆ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।